ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 13 ਸਤੰਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਅੱਜ ਪੰਜਾਬ ਭਰ ਤੋਂ ਮਜ਼ਦੂਰ ਇਕੱਠੇ ਹੋ ਕੇ ਮੋਤੀ ਮਹਿਲ ਦੇ ਘਿਰਾਓ ਕਰਨ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਤੋਂ ਵੱਡੇ ਕਾਫਲੇ ਰਵਾਨਾ ਹੋਏ। ਸੁਲਤਾਨਪੁਰ ਲੋਧੀ ਤੋਂ ਵੀ ਪੇਂਡੂ ਮਜ਼ਦੂਰ ਯੂਨੀਅਨ ਦਾ ਕਾਫ਼ਲਾ ਨਾਅਰੇ ਮਾਰਦਾ ਹੋਇਆ ਰਵਾਨਾ ਹੋਇਆ। ਇਸ ਮੌਕੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ। ਇਸ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਆਪਣੀਆਂ ਮੰਗਾਂ ਦੇ ਹੱਲ ਲਈ ਕੈਪਟਨ ਸਰਕਾਰ ਨੂੰ ਘੇਰਿਆ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕੁਲਵਿੰਦਰ ਸਿੰਘ ਨਾਸੀਰੇਵਾਲ, ਹੰਸਾ ਸਿੰਘ ਮੂੰਡੀ, ਕਮਲਜੀਤ ਝੱਲ ਲਈ ਵਾਲਾ, ਕੁਲਦੀਪ ਕੌਰ ਬੋਹੜਵਾਲਾ, ਜਿੰਦਰ ਕੌਰ ਕਮਾਲਪੁਰ, ਬੀਬੀ ਰਿੰਦੋ, ਬਲਕਾਰ ਸਿੰਘ ਕਮਾਲਪੁਰ ਆਦਿ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦਾ ਕਾਫਲਾ ਨਾਅਰੇ ਮਾਰਦਾ ਹੋਇਆ ਰਵਾਨਾ ਹੋਇਆ।
ਪੰਚਾਇਤ ਯੂਨੀਅਨ ਤਲਵਾੜਾ ਵੱਲੋਂ ਪਟਿਆਲਾ ਰੈਲ਼ੀ ’ਚ ਸ਼ਾਮਲ ਹੋਣ ਦਾ ਐਲਾਨ
ਤਲਵਾੜਾ (ਪੱਤਰ ਪ੍ਰੇਰਕ): ਸਰਪੰਚ ਯੂਨੀਅਨ ਪੰਜਾਬ ਵੱਲੋਂ ਮਾਣ ਭੱਤੇ ਸਮੇਤ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ 15 ਤਾਰੀਕ ਨੂੰ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਖੇ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ। ਇਸ ਸੂਬਾਈ ਰੈਲ਼ੀ ’ਚ ਪੰਚਾਇਤ ਯੂਨੀਅਨ ਤਲਵਾੜਾ ਨੇ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਬਲਾਕ ਤਲਵਾੜਾ ਤੋਂ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਤੇ ਜਨ ਸਕੱਤਰ ਕੁਲਦੀਪ ਭੰਬੋਤਾੜ ਨੇ ਦੱਸਿਆ ਕਿ ਪੰਜਾਬ ਇੱਕ ਮਾਤਰ ਅਜਿਹਾ ਸੂਬਾ ਹੈ, ਜਿੱਥੇ ਲੋਕਤੰਤਰ ਦੀ ਮੁੱਢਲੀ ਇਕਾਈ ਦੇ ਨੁਮਾਇੰਦਿਆਂ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਂਦਾ, ਪੰਚਾਇਤੀ ਵਿਭਾਗ ‘ਚ ਲੰਮੇ ਸਮੇਂ ਤੋਂ ਭਰਤੀ ਨਾ ਹੋਣ ਕਾਰਨ ਜ਼ਿਆਦਾਤਰ ਪੋਸਟਾਂ ਖਾਲੀ ਪਈਆਂ ਹੋਈਆਂ ਹਨ। ਅਮਲੇ ਅਤੇ ਵਿਸ਼ੇਸ਼ ਤੌਰ ’ਤੇ ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਪਿੰਡਾਂ ’ਚ ਪੰਚਾਇਤਾਂ ਨੂੰ ਵਿਕਾਸ ਕਾਰਜ ਅਤੇ ਹੋਰ ਪੱਖੀ ਕੰਮ ਕਰਵਾਉਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਲਈ ਯੂਨੀਅਨ ਨੇ ਮੰਗਲਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਬੀਡੀਪੀਓ ਦਫ਼ਤਰ ਮੀਟਿੰਗ ਸੱਦੀ ਹੈ।