ਹਰਜੀਤ ਸਿੰਘ
ਡੇਰਾਬੱਸੀ, 19 ਅਗਸਤ
ਇਥੋਂ ਦੇ ਰਾਮਲੀਲਾ ਮੈਦਾਨ ਨੇੜੇ ਬੰਦ ਪਈ ਇਕ ਮਸਜਿਦ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਦੇ ਬਾਹਰ ਦੁਕਾਨ ਕਰਦੇ ਪਰਿਵਾਰ ’ਤੇ ਮਸਜਿਦ ਦੀ ਭੰਨ-ਤੋੜ ਕਰਨ ਦਾ ਦੋਸ਼ ਲਾਉਂਦਿਆਂ ਬੀਤੀ ਦੇਰ ਰਾਤ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਸਲਿਮ ਭਾਈਚਾਰੇ ਵੱਲੋਂ ਪਰਿਵਾਰ ’ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਤੜਕੇ ਤਿੰਨ ਵਜੇ ਤੱਕ ਪੁਲੀਸ ਸਟੇਸ਼ਨ ਦਾ ਘਿਰਾਓ ਕੀਤਾ ਗਿਆ। ਪੁਲੀਸ ਨੇ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕੀਤਾ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਮਾਹੌਲ ਤਣਾਅਪੂਰਨ ਰਿਹਾ ਜਿਸ ਲਈ ਅੱਜ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ।
ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ, ਏਐਸਪੀ ਜਯੰਤ ਪੁਰੀ ਨੇ ਦੱਸਿਆ ਕਿ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਾਰਾ ਚੰਦ ਨੇ ਸ਼ਿਕਾਇਤ ਵਿੱਚ ਦੱਸਿਆ ਕਿ 1947 ਆਜ਼ਾਦੀ ਤੋਂ ਪਹਿਲਾਂ ਇਕ ਮਸਜਿਦ ਹੈ ਜੋ ਬੰਦ ਪਈ ਹੈ। ਇਸ ਮਸਜਿਦ ਨਾਲ ਹੀ ਇਕ ਪਰਿਵਾਰ ਵੱਲੋਂ ਬੇਕਰੀ ਦੀ ਦੁਕਾਨ ਹੈ ਜਿਨ੍ਹਾਂ ਦਾ ਮਸਜਿਦ ਕਮੇਟੀ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਇਸ ਦਾ ਕੇਸ ਅਦਾਲਤ ਵਿੱਚ ਵਿਚਾਰਅਧੀਨ ਹੈ। ਇਸ ਦੇ ਬਾਵਜੂਦ ਲੰਘੀ ਦੇਰ ਰਾਤ ਕਰੀਬ ਸਵਾ 11 ਵਜੇ ਯੋਜਨਾਬੱਧ ਢੰਗ ਨਾਲ ਦੁਕਾਨਦਾਰ ਔਰਤ ਅਤੇ ਉਸ ਦੇ ਲੜਕੇ ਵੱਲੋਂ ਕੁਝ ਸਾਥੀਆਂ ਅਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਕਥਿਤ ਤੌਰ ’ਤੇ ਮਸਜਿਦ ਦੀ ਭੰਨ-ਤੋੜ ਕੀਤੀ ਗਈ। ਇਸ ਬਾਰੇ ਜਦ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਵੱਡੀ ਤਾਦਾਦ ਵਿੱਚ ਮੁਸਲਿਮ ਭਾਈਚਾਰਾ ਇਕੱਠਾ ਹੋ ਗਿਆ। ਇਸ ਦੌਰਾਨ ਦੁਕਾਨਦਾਰ ਵੱਲੋਂ ਮੁਸਲਿਮ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਤਾਂ ਮੁਸਲਿਮ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵੱਖ ਵੱਖ ਧਾਰਾਵਾਂ ਤਹਿਤ ਲੋਹਿਤ ਸੈਣੀ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮੁਸਲਿਮ ਭਾਈਚਾਰੇ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਵਿੱਚ ਇਕ ਕਥਿਤ ਪੱਤਰਕਾਰ ਵੀ ਸ਼ਾਮਲ ਹੈ ਜਿਸ ਦੀ ਸ਼ਹਿ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਭਾਈਚਾਰੇ ਵੱਲੋਂ ਉਸ ਪੱਤਰਕਾਰ ਦੀ ਸ਼ਮੂਲੀਅਤ ਵਾਲੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੱਤਰਕਾਰ ਜੇਸੀਬੀ ਮਸ਼ੀਨ ਨੂੰ ਲੈ ਕੇ ਜਾ ਰਿਹਾ ਹੈ।