ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਸਤੰਬਰ
ਕਰਤਾਰਪੁਰ ਦੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਤਖ਼ਤ ਪਟਨਾ ਸਾਹਿਬ ਜਾ ਕੇ ਇੱਕ ਕਰੋੜ ਉਨੱਤੀ ਲੱਖ ਦੀ ਨਾਲ ਤਿਆਰ ਸੋਨੇ ਦੀ ਹੀਰਿਆਂ ਜੜੀ ਕਲਗੀ ਗੁਰੂ ਘਰ ਨੂੰ ਭੇਟ ਕੀਤੀ। ਇਸ ਮੌਕੇ ਤਖ਼ਤ ਪਟਨਾ ਸਾਹਿਬ ਦੇ ਗ੍ਰੰਥੀ ਦਲੀਪ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਬਿਕਰਮ ਸਿੰਘ ਨੇ ਕੀਰਤਨ ਕੀਤਾ ਤੇ ਡਾ. ਸਮਰਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਗੁਰੂ ਘਰ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਲਗੀ ਸ਼ੁੱਧ ਦੋ ਕਿਲੋ ਸੋਨੇ ਤੋਂ ਇਲਾਵਾ ਢਾਈ ਸੌ ਗਰਾਮ ਹੀਰਿਆਂ ਨਾਲ ਤਿਆਰ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਵੀ ਕੀਮਤੀ ਰਤਨਾਂ ਦੀ ਸੇਵਾ ਕਰ ਚੁੱਕੇ ਹਨ। ਡਾ. ਸਮਰਾ ਨਾਲ ਉਨ੍ਹਾਂ ਦੀ ਭੈਣ ਪਰਮਜੀਤ ਕੌਰ, ਭਾਣਜੀ ਬਿਮਲਪ੍ਰੀਤ ਕੌਰ ਅਤੇ ਡਾ. ਕਮਲ ਰਾਏ ਪ੍ਰਬੰਧਕ ਸਮਿਤੀ ਦੇ ਮੈਂਬਰ ਜਗਜੀਤ ਸਿੰਘ ਅਤੇ ਦਿਲਜੀਤ ਸਿੰਘ ਮੌਜੂਦ ਸਨ।