ਨੰਗਲ (ਪੱਤਰ ਪ੍ਰੇਰਕ): ਅੱਜ ਸਵੇਰੇ ਨੰਗਲ ਭਲਾਣ ਮੁੱਖ ਮਾਰਗ ’ਤੇ ਪਿੰਡ ਪੱਸੀਵਾਲ ਅਤੇ ਨਾਨਗਰਾਂ ਦੇ ਵਿਚਕਾਰ ਤੜਕਸਾਰ ਪਸ਼ੂਆਂ ਨਾਲ ਭਰੇ ਹੋਏ ਇਕ ਟਰੱਕ ਦੇ ਪਲਟਣ ਕਾਰਨ ਲਗਭਗ ੲfਕ ਦਰਜਨ ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ| ਇਸ ਟਰੱਕ ਵਿਚ ਜ਼ਿਅਦਾਤਰ ਮੱਝਾਂ ਦੇ ਕੱਟੇ ਹੀ ਭਰੇ ਹੋਏ ਸਨ| ਇਲਾਕੇ ਦੇ ਲੋਕ ਇਸ ਮਾਮਲੇ ਨੂੰ ਪਸ਼ੂ ਧਨ ਦੀ ਤਸਕਰੀ ਨਾਲ ਵੀ ਜੋੜ ਰਹੇ ਹਨ| ਟਰੱਕ ਪਲਟਣ ਦੀ ਖਬਰ ਤੁਰੰਤ ਇਲਾਕੇ ਵਿਚ ਫੈਲ ਗਈ| ਮੌਕੇ ’ਤੇ ਪੰਹੁਚੇ ਪਿੰਡ ਵਾਸੀਆਂ ਨੇ ਚਾਰ ਲੋਕਾਂ ਨੂੰ ਫੜ ਕੇ ਨੰਗਲ ਪੁਲੀਸ ਹਵਾਲੇ ਕੀਤਾ| ਪਿੰਡ ਵਾਸੀਆਂ ਨੇ ਕਿਹਾ ਕਿ ਸਵੇਰੇ ਪੰਜ ਵਜੇ ਦੇ ਕਰੀਬ ਉਨ੍ਹਾਂ ਦੇ ਖੇਤਾਂ ‘ਚ ਪਸ਼ੂਆਂ ਨਾਲ ਭਰਿਆ ਯੁੂਪੀ ਨੰਬਰ ਵਾਲਾ ਟਰੱਕ ਪਲਟਿਆ ਵੇਖਿਆ| ਲੋਕਾਂ ਨੇ ਦੱਸਿਆ ਕਿ ਉਕਤ ਗੱਡੀ ਵਾਲੇ ਤੜਕੇਸਾਰ ਇਸ ਮਾਰਗ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸੀ| ਉਨ੍ਹਾਂ ਦੱਸਿਆ ਕਿ ਇਕ ਹੋਰ ਗੱਡੀ ਇਨ੍ਹਾਂ ਦੇ ਅੱਗੇ ਅੱਗੇ ਜਾ ਰਹੀ ਸੀ| ਡੀਐਸਪੀ ਸਤੀਸ਼ ਕੁਮਾਰ ਅਤੇ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ| ਡੀਐਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਉਕਤ ਚਾਰੋ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ|