ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 3 ਜੁਲਾਈ
ਫ਼ਰੀਦਕੋਟ ਨੇੜਲੇ ਪਿੰਡ ਗੋਲੇਵਾਲਾ ਦੇ ਕਿਸਾਨ ਕਰਮਜੀਤ ਸਿੰਘ ਵਾਸੀ ਗੋਲੇਵਾਲਾ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਪਰ ਉਸ ਕੋਲੋਂ ਲਾਟਰੀ ਦੀ ਟਿਕਟ ਗੁਆਚ ਗਈ ਹੈ, ਜਿਸ ਕਰਕੇ ਹੁਣ ਉਸ ਨੂੰ ਇਹ ਇਨਾਮ ਪ੍ਰਾਪਤ ਕਰਨ ਵਿੱਚ ਦਿੱਕਤ ਆ ਰਹੀ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਬੀਤੀ 4 ਜੂਨ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਜਿੱਥੇ ਉਸ ਨੇ ਨਾਗਾਲੈਂਡ ਸਰਕਾਰ ਵੱਲੋਂ ਜਾਰੀ ਡੇਢ ਕਰੋੜ ਰੁਪਏ ਦੀ ਲਾਟਰੀ ਦੀ ਇਕ ਟਿਕਟ 200 ਰੁਪਏ ’ਚ ਖਰੀਦੀ ਸੀ। ਕਰਮਜੀਤ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਟਿਕਟ ਫ਼ਰੀਦਕੋਟ ਵਿੱਚ ਇੱਕ ਏਜੰਟ ਨੂੰ ਚੈੱਕ ਕਰਵਾਈ ਸੀ, ਜਿਸ ਨੇ ਦੱਸਿਆ ਕਿ ਇਸ ਲਾਟਰੀ ’ਤੇ ਕੋਈ ਇਨਾਮ ਨਹੀਂ ਨਿਕਲਿਆ। ਇਸ ਮਗਰੋਂ ਉਸ ਨੇ ਟਿਕਟ ਵੱਲ ਬਹੁਤਾ ਧਿਆਨ ਨਾ ਦਿੱਤਾ, ਪਰ ਅਸਲ ਵਿੱਚ ਇਸ ਟਿਕਟ ਨੂੰ ਪਹਿਲਾ ਇਨਾਮ ਮਿਲਿਆ ਸੀ। ਕਰਮਜੀਤ ਨੂੰ ਟਿਕਟ ਵੇਚਣ ਵਾਲੇ ਦਮਦਮਾ ਸਾਹਿਬ ਦੇ ਏਜੰਟ ਸੱਤਪਾਲ ਨੇ ਵੀ ਉਸ ਨੂੰ ਟਿਕਟ ਵੇਚੇ ਜਾਣ ਦੀ ਪੁਸ਼ਟੀ ਕੀਤੀ ਹੈ। ਕਰਮਜੀਤ ਸਿੰਘ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮਦਦ ਮੰਗੀ ਹੈ। ਇਸ ਤੋਂ ਬਿਨਾਂ ਉਸ ਨੇ ਪ੍ਰਸ਼ਾਸਨ ਤੋਂ ਵੀ ਇਹ ਲਾਟਰੀ ਦਾ ਇਨਾਮ ਹਾਸਲ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਹੈ। ਨਾਗਾਲੈਂਡ ਸਰਕਾਰ ਦੇ ਲਾਟਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਕੋਲ ਲਾਟਰੀ ਦੀ ਟਿਕਟ ਹੁੰਦੀ ਹੈ, ਉਸੇ ਨੂੰ ਹੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਤੇ ਟਿਕਟ ਦੇ ਗੁੰਮ ਹੋਣ ’ਤੇ ਸਰਕਾਰ ਇਨਾਮ ਦੀ ਰਾਸ਼ੀ ਦੇਣ ਦੀ ਪਾਬੰਦ ਨਹੀਂ।