ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਜੁਲਾਈ
ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਤੇਵਾੜਾ ਵਿੱਚ ਅੱਜ ਬਾਅਦ ਦੁਪਹਿਰ ਗੁਰਦੁਆਰੇ ਵਿਚ ਸ਼ਾਰਟ ਸ਼ਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਗੁਰੂ ਘਰ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਪਿੰਡ ਮੱਤੇਵਾੜਾ ਦੇ ਨਿਵਾਸੀ ਸਨੀ ਕੁਮਾਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਘਰ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਦੇ ਬਿਲਕੁਲ ਨਾਲ ਹੈ ਅਤੇ ਕਰੀਬ 12 ਵਜੇ ਔਰਤ ਬਖ਼ਸ਼ੀਸ ਕੌਰ ਨੇ ਰੌਲਾ ਪਾ ਦਿੱਤਾ ਕਿ ਗੁਰੂ ਘਰ ਦੇ ਰੌਸ਼ਨਦਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ ਤੇ ਜਾਲੀ ਵਾਲੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਦਾਖਲ ਹੋਏ। ਸਾਹਮਣੇ ਪਾਲਕੀ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਬਿਲਕੁਲ ਠੀਕ ਸਨ ਜਦਕਿ ਕਮਰੇ ਦੇ ਕੋਨੇ ’ਚ ਬਣਾਏ ਸੱਚਖੰਡ ’ਚ ਅੱਗ ਕਾਰਨ ਸ਼ੀਸ਼ੇ ਟੁੱਟ ਰਹੇ ਸਨ। ਸੰਗਤ ਵੱਲੋਂ ਅੱਗ ਉਪਰ ਕਾਬੂ ਪਾਇਆ ਗਿਆ। ਸੱਚਖੰਡ ’ਚ ਬਿਸਤਰ ’ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਤੇ ਕੁੱਝ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਚੁੱਕੀਆਂ ਸਨ। ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਰਣਜੀਤ ਸਿੰਘ ਮੰਗਲੀ ਅਤੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਪੰਜ ਸਿੰਘ ਮੌਕੇ ’ਤੇ ਪੁੱਜੇ ਜਿਨ੍ਹਾਂ ਪੂਰਨ ਮਰਿਯਾਦਾ ਨਾਲ ਅਗਨ ਭੇਟ ਹੋਇਆ ਸਵਰੂਪ ਤੇ ਪੋਥੀਆਂ ਦੀ ਸੰਭਾਲ ਕੀਤੀ। ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅੱਗ ਸ਼ਾਰਟ ਸ਼ਰਕਟ ਕਾਰਨ ਲੱਗੀ।