ਇਕਬਾਲ ਸਿੰਘ ਸ਼ਾਂਤ
ਲੰਬੀ, 16 ਮਈ
ਰਿਕਾਰਡ-ਤੋੜ ਗਰਮੀ ਕਈ ਥਾਈਂ ਅੱਗਜ਼ਨੀ ਦਾ ਕਾਰਨ ਬਣ ਰਹੀ ਹੈ। ਅੱਜ ਕਮਿਊਨਿਟੀ ਸਿਹਤ ਕੇਂਦਰ ਲੰਬੀ ਵਿੱਚ ਬਾਅਦ ਦੁਪਹਿਰ ਸਟੋਰ ਰੂਮ ’ਚ ਅੱਗ ਲੱਗਣ ਕਰ ਕੇ ਕਰੋਨਾ ਮਰੀਜ਼ਾਂ ਲਈ ਰੱਖੀਆਂ ਕਰੀਬ 250 ਫਤਹਿ ਕਿੱਟਾਂ ਸੜ ਕੇ ਸੁਆਹ ਹੋ ਗਈਆਂ। ਇਸ ਮੌਕੇ ਮਲੋਟ ਤੋਂ ਪੁੱਜੇ ਫਾਇਰ ਬ੍ਰਿਗੇਡ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਡਿਊਟੀ ਪੂਰੀ ਕਰ ਕੇ ਜਾਂਦੀ ਹੋਈ ਇੱਕ ਨਰਸ ਨੇ ਸਟੋਰ ਰੂਮ ਦੇ ਦਰਵਾਜ਼ੇ ਨੂੰ ਅੱਗ ਲੱਗੀ ਵੇਖੀ ਤਾਂ ਤੁਰੰਤ ਸਟਾਫ਼ ਨੂੰ ਸੂਚਿਤ ਕੀਤਾ। ਸਟਾਫ਼ ਨੇ ਤੁਰੰਤ ਫਾਇਰ ਅਮਲੇ ਨੂੰ ਸੂਚਿਤ ਕੀਤਾ ਅਤੇ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਉਣ ਦੇ ਉਪਰਾਲੇ ਵਿੱਢ ਦਿੱਤੇ।
ਐੱਸਐੱਮਓ ਡਾ. ਪਵਨ ਮਿੱਤਲ ਦਾ ਕਹਿਣਾ ਹੈ ਕਿ ਪੁਰਾਣੀ ਇਮਾਰਤ ਨੂੰ ਸਟੋਰ ਵਜੋਂ ਵਰਤਿਆ ਜਾ ਰਿਹਾ ਹੈ, ਜਿਥੇ ਲਗਪਗ ਚਾਰ ਸੌ ਫ਼ਤਹਿ ਕਿੱਟਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜ਼ਿਆਦਾ ਗਰਮੀ ਕਾਰਨ ਸਟੋਰ ਰੂਮ ਵਿੱਚ ਸ਼ਾਰਟ ਸਰਕਟ ਹੋ ਗਿਆ ਤੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਲਗਪਗ ਢਾਈ ਸੌ ਫ਼ਤਹਿ ਕਿੱਟਾਂ ਅੱਗ ਨਾਲ ਸੜ ਗਈਆਂ ਹਨ, ਜਦਕਿ ਬਾਕੀ ਦੀਆਂ ਕਿੱਟਾਂ ਬਚਾਅ ਕਾਰਜ ਦੌਰਾਨ ਪਾਣੀ ਨਾਲ ਭਿੱਜ ਗਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਟੋਰ ਵਿੱਚੋਂ ਹੋਰ ਜ਼ਰੂਰੀ ਸਾਮਾਨ ਤੇ ਦਵਾਈਆਂ ਆਦਿ ਵੀ ਬਾਹਰ ਕੱਢੀਆਂ ਜਾ ਰਹੀਆਂ ਹਨ। ਐੱਸਐੱਮਓ ਮੁਤਾਬਕ ਫਾਇਰ ਬ੍ਰਿਗੇਡ ਅਮਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਛੱਤ ਵਾਲੇ ਪੱਖੇ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ।