ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਕਤੂਬਰ
ਗੈਂਗਸਟਰ ਦੀਪਕ ਟੀਨੂ ਦੇ ਮਾਨਸਾ ਤੋਂ ਪੁਲੀਸ ਦੀ ਹਿਰਾਸਤ ’ਚੋਂ ਭੱਜਣ ਦੇ ਤੀਜੇ ਦਿਨ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਤੇ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਯਕੀਨੀ ਬਣਾਉਣ ਲਈ ਚਾਰ ਮੈਂਬਰੀ ਵਿਸ਼ੇਸ਼ ਕਮੇਟੀ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ। ਇਸ ਐੱਸਆਈਟੀ ਵਿੱਚ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ (ਆਈਜੀਪੀ) ਐਮ.ਐਸ ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ ਜਦਕਿ ਤਿੰਨ ਮੈਂਬਰਾਂ ’ਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਓਪਿੰਦਰਜੀਤ ਸਿੰਘ, ਐੱਸਐੱਸਪੀ ਮਾਨਸਾ ਗੌਰਵ ਤੂਰਾ ਤੇ ਡੀਐੱਸਪੀ (ਏਜੀਟੀਐੱਫ) ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਇਸ ਸਿਟ ਨੂੰ ਪੂਰੀ ਸਹਾਇਤਾ ਕਰਨਗੇ ਜਦੋਂਕਿ ‘ਸਿਟ’ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਨੂੰ ਵੀ ਸਹਾਇਤਾ ਲਈ ਚੁਣ ਸਕਦੀ ਹੈ। ਪੰਜਾਬ ਪੁਲੀਸ ਦੇ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਡੀਜੀਪੀ ਨੇ ਕਿਹਾ ਕਿ ਐੱਸਆਈਟੀ ਇਸ ਮਾਮਲੇ ਦੀ ਰੋਜ਼ਾਨਾ ਜਾਂਚ ਕਰੇਗੀ ਤੇ ਜਿਨ੍ਹਾਂ ਖ਼ਿਲਾਫ਼ ਸਬੂਤ ਰਿਕਾਰਡ ’ਤੇ ਆਉਂਦੇ ਹਨ, ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਮੁਲਜ਼ਮ ਗੈਂਗਸਟਰ ਦੀਪਕ ਟੀਨੂ ਦੇ ਸੀਆਈਏ ਮਾਨਸਾ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਕਰੀਬ 70 ਘੰਟੇ ਬਾਅਦ ਵੀ ਪੰਜਾਬ ਪੁਲੀਸ ਉਸ ਦਾ ਕੋਈ ਸੁਰਾਗ ਨਹੀਂ ਲਾ ਸਕੀ,ਪਰ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਪਾਸੋਂ ਵਰਤੀ ਗਈ ਕਾਰ ਅਤੇ ਤਿੰਨ ਪਿਸਤੌਲ ਬਰਾਮਦ ਕਰ ਲਏ ਹਨ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮੂਸੇਵਾਲਾ ਦੇ ਮਾਪਿਆਂ ਵੱਲੋਂ ਕੇਸ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਨੂੰ ਦੇਣ ਦੀ ਮੰਗ
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਮਾਮਲੇ ’ਚ ਗਾਇਕ ਦੇ ਮਾਪਿਆਂ ਨੇ ਮਾਨਸਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਉਂਗਲ ਖੜ੍ਹੀ ਕੀਤੀ ਹੈ। ਉਨ੍ਹਾਂ ਮਾਨਸਾ ਪੁਲੀਸ ਦੀ ਭੂਮਿਕਾ ਨੂੰ ਸ਼ੱਕੀ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੇਸ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਨੂੰ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਮਾਨਸਾ ਪੁਲੀਸ ’ਤੇ ਭੋਰਾ ਵੀ ਯਕੀਨ ਨਹੀਂ ਹੈ। ਪਿੰਡ ਮੂਸਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਮਾਨਸਾ ਪੁਲੀਸ ਗੈਂਗਸਟਰਾਂ ਦੀ ਆਓ-ਭਗਤ ਕਰਦੀ ਹੈ ਅਤੇ ਅੰਦਰਖਾਤੇ ਉਨ੍ਹਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ’ਤੇ ਉਨ੍ਹਾਂ ਦਾ ਸ਼ੱਕ ਦੀਪਕ ਟੀਨੂ ਦੇ ਅਸਾਨੀ ਨਾਲ ਫਰਾਰ ਹੋਣ ਤੋਂ ਬਾਅਦ ਯਕੀਨ ਵਿੱਚ ਬਦਲ ਗਿਆ ਹੈ। ਸੀਆਈਏ ਦੇ ਇੰਚਾਰਜ ਦੇ ਚਿਹਰੇ ਦੀ ਬੇਫ਼ਿਕਰੀ ਕਈ ਸਵਾਲ ਖੜ੍ਹੇ ਕਰਦੀ ਹੈ।
ਸੀਆਈਏ ਦੇ ਬਰਖਾਸਤ ਮੁਖੀ ਦੀ ਭੂਮਿਕਾ ’ਤੇ ਸ਼ੱਕ ਹੋਰ ਵਧਿਆ
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਣ ਦੇ ਮਾਮਲੇ ਦੀਆਂ ਤੀਜੇ ਦਿਨ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਹਨ। ਪੁਲੀਸ ਦੇ ਸ਼ੱਕ ਦੀ ਸੂਈ ਸੀਆਈਏ ਦੇ ਬਰਖਾਸਤ ਇੰਚਾਰਜ ’ਤੇ ਘੁੰਮਣ ਲੱਗੀ ਹੈ। ਸੀਆਈਏ ਇੰਚਾਰਜ ਵੱਲੋਂ ਉਸ ਨੂੰ ਆਪਣੀ ਕੋਠੀ ਦੇ ਇੱਕ ਕਮਰੇ ਵਿੱਚ ਇਕੱਲਾ ਕਿਉਂ ਛੱਡਿਆ ਗਿਆ। ਇਸ ਗੱਲ ਦੀ ਚਰਚਾ ਸਬੰਧੀ ਅਜੇ ਤੱਕ ਪੁਲੀਸ ਵੱਲੋਂ ਮੂੰਹ ਨਹੀਂ ਖੋਲ੍ਹਿਆ ਗਿਆ ਕਿ ਉਸ ਨਾਲ ਕਮਰੇ ਵਿੱਚ ਕੋਈ ਲੜਕੀ ਸੀ ਅਤੇ ਉਸ ਨੂੰ ਉਚ ਅਧਿਕਾਰੀਆਂ ਦੀਆਂ ਕੋਠੀਆਂ ਵਿਚਕਾਰ ਬਣੀ ਇਸ ਕੋਠੀ ਵਿੱਚ ਅੱਧੀ ਰਾਤ ਨੂੰ ਕੌਣ ਛੱਡ ਕੇ ਗਿਆ। ਲੋਕਾਂ ਵੱਲੋਂ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਸੀਆਈਏ ਇੰਚਾਰਜ ਦੀ ਕੋਠੀ ਨੂੰ ਅਜੇ ਤੱਕ ਸੀਲ ਕਿਉਂ ਨਹੀਂ ਕੀਤਾ ਗਿਆ। ਇਹ ਕੋਠੀ ਐਸਐਸਪੀ ਮਾਨਸਾ ਦੀ ਕੋਠੀ ਦੇ 100 ਗਜ਼ ਘੇਰੇ ਵਿੱਚ ਦੱਸੀ ਜਾਂਦੀ ਹੈ।
ਦੀਪਕ ਪੰਡੋਰੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪਟਿਆਲਾ ਲਿਆਂਦਾ
ਪਟਿਆਲਾ (ਖੇਤਰੀ ਪ੍ਰਤੀਨਿਧ): ਫਰਾਰ ਹੋਏ ਗੈਂਗਸਟਰ ਦੀਪਕ ਟੀਨੂ ਦੇ ਮਾਮਲੇ ਵਿਚ ਸੀਆਈਏ ਸਟਾਫ ਪਟਿਆਲਾ ਦੀ ਟੀਮ ਗੈਂਗਸਟਰ ਦੀਪਕ ਪੰਡੋਰੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਅੱਜ ਲੈ ਕੇ ਆਈ। ਟੀਨੂ ਇੱਕ ਵਾਰ ਜਦੋਂ ਪੰਚਕੂਲਾ ਤੋਂ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਇਆ ਸੀ ਤਾਂ ਦੀਪਕ ਪੰਡੋਰੀ ਨੇ ਹੀ ਉਸ ਨੂੰ ਭਜਾਇਆ ਸੀ। ਦੀਪਕ ਦਾ ਅਦਾਲਤ ਨੇ ਨੌਂ ਅਕਤੂਬਰ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ।