ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਦਸੰਬਰ
ਥਾਣਾ ਜੋਧਾਂ ਅਧੀਨ ਪਿੰਡ ਢੈਪਈ ਵਿੱਚ ਗੰਦੇ ਪਾਣੀ ਦੀ ਨਾਲੀ ਕਾਰਨ ਹੋਏ ਝਗੜੇ ਕਾਰਨ ਗੁਆਂਢੀਆਂ ਦੇ ਝਗੜੇ ਵਿੱਚ ਸਾਬਕਾ ਪੁਲੀਸ ਮੁਲਾਜ਼ਮ ਸ਼ਿੰਗਾਰਾ ਸਿੰਘ (70 ਸਾਲਾ) ਦੀ ਹੱਤਿਆ ਕਰ ਦਿੱਤੀ ਗਈ। ਸ਼ਿੰਗਾਰਾ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਗੁਆਂਢੀ ਜਗਦੀਪ ਸਿੰਘ (ਸਾਬਕਾ ਫ਼ੌਜੀ) ਨੇ ਝਗੜੇ ਦੌਰਾਨ ਲੋਹੇ ਦੀ ਰਾਡ ਉਸ ਦੇ ਪਤੀ ਦੇ ਸਿਰ ਵਿੱਚ ਮਾਰੀ ਸੀ, ਜੋ ਜਾਨਲੇਵਾ ਸਾਬਤ ਹੋਈ। ਸ਼ਿੰਗਾਰਾ ਸਿੰਘ ਵੀ ਸਾਬਕਾ ਫ਼ੌਜੀ ਸੀ ਅਤੇ ਬਾਅਦ ਵਿੱਚ ਉਹ ਪੁਲੀਸ ਵਿੱਚ ਭਰਤੀ ਹੋ ਗਿਆ ਸੀ। ਹੁਣ ਉਹ ਪੁਲੀਸ ਵਿੱਚੋਂ ਵੀ ਸੇਵਾਮੁਕਤ ਹੋ ਚੁੱਕਾ ਸੀ। ਉਪ ਪੁਲੀਸ ਕਪਤਾਨ ਅਮਨਦੀਪ ਸਿੰਘ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਦਰਜ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ, ਹਾਲਾਂਕਿ ਪੁਲੀਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।