ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਗਸਤ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਪੁਡੂਚੇਰੀ ਸੂਬੇ ਦੀ ਕਾਰਜਕਾਰਨੀ ਦੀ ਜਾਣ-ਪਛਾਣ ਲਈ ਕਰਾਈਕਲ ਵਿੱਚ ਮੀਟਿੰਗ ਅਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪੋਨ ਰਾਜੇਂਦਰਨ ਨੇ ਕੀਤੀ, ਜਦਕਿ ਹਰਿਆਣਾ ਤੋਂ ਕੌਮੀ ਕੋਆਰਡੀਨੇਟਰ ਲਖਵਿੰਦਰ ਸਿੰਘ ਔਲਖ, ਤਾਮਿਲਨਾਡੂ ਤੋਂ ਪੀਆਰ ਪਾਂਡੀਅਨ, ਪੰਜਾਬ ਤੋਂ ਅਮਰਜੀਤ ਸਿੰਘ ਰੜ੍ਹਾ, ਕਰਨਾਟਕ ਤੋਂ ਦੱਖਣੀ ਭਾਰਤ ਦੇ ਕੋਆਰਡੀਨੇਟਰ ਕੁਰਬਰੂ ਸ਼ਾਂਤਾਕੁਮਾਰ, ਤਿਲੰਗਾਨਾ ਤੋਂ ਵੈਂਕਟੇਸ਼ਵਰ ਰਾਓ, ਕੇਰਲ ਤੋਂ ਕੇਵੀ ਬੀਜੂ ਸਣੇ ਦੱਖਣੀ ਭਾਰਤ ਦੇ ਕਈ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ।
ਆਗੂਆਂ ਨੇ ਇੱਥੋਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੱਖਣੀ ਭਾਰਤ ਦੇ ਪੁਡੂਚੇਰੀ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਵਿਸਤਾਰ ਕਰਦਿਆਂ ਪੋਨ ਰਾਜੇਂਦਰਨ ਨੂੰ ਪੁਡੂਚੇਰੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਲਖਵਿੰਦਰ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਦੇ ਕਿਸਾਨ ਐੱਮਐੱਸਪੀ ਖਰੀਦ ਗਾਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਫਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ, ਕਿਸਾਨਾਂ ਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫੀ ਸਣੇ ਆਪਣੀਆਂ ਮੰਗਾਂ ਲਈ 197 ਦਿਨਾਂ ਤੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ ਦੇ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ ਕੇਂਦਰ ਸਰਕਾਰ ਵੱਲੋਂ ਜੋ ਲਿਖਤੀ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਦੀ ਬਜਾਏ ਭਾਜਪਾ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਖ਼ਿਲਾਫ਼ ਬਹੁਤ ਹੀ ਭੱਦੀ ਭਾਸ਼ਾ ਵਰਤੀ ਹੈ। ਇਹ ਸਭ ਉਸ ਵੱਲੋਂ ਇੱਕ ਏਜੰਡੇ ਤਹਿਤ ਹੀ ਕੀਤਾ ਗਿਆ ਹੈ।’’ ਪੀਆਰ ਪਾਂਡੀਅਨ ਨੇ ਕਿਹਾ ਕਿ ‘‘ਕਰਾਈਕਲ ਨੂੰ ਵੀ ਇੱਕ ਸੁਰੱਖਿਅਤ ਖੇਤੀਬਾੜੀ ਖੇਤਰ ਐਲਾਨਿਆ ਜਾਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਦੱਖਣੀ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ।