ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਸਤੰਬਰ
ਇੱਥੇ ਹੁਸੈਨੀਵਾਲਾ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੂੰ ਰੰਗ ਕਰਦਾ ਇੱਕ ਪੇਂਟਰ ਪਾਕਿਸਤਾਨ ਵਿੱਚ ਦਾਖ਼ਲ ਹੋ ਗਿਆ। ਪਾਕਿਸਤਾਨੀ ਰੇਂਜਰਾਂ ਵੱਲੋਂ ਇਸ ਪੇਂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਥੋਂ ਦੇ ਥਾਣਾ ਸਦਰ ਵਿੱਚ ਪੇਂਟਰ ਹੰਸਾ ਸਿੰਘ (45) ਪੁੱਤਰ ਬਹਾਲ ਸਿੰਘ ਵਾਸੀ ਪਿੰਡ ਟੇਂਡੀ ਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਘਟਨਾ 21 ਸਤੰਬਰ ਦੀ ਦੱਸੀ ਜਾ ਰਹੀ ਹੈ। ਬੀਐੱਸਐੱਫ ਦੀ 136 ਬਟਾਲੀਅਨ ਦੇ ਕਮਾਂਡੈਂਟ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਪੇਂਟਰ ਹੰਸਾ ਸਿੰਘ ਨੂੰ ਕੰਡਿਆਲੀ ਤਾਰ ਪੇਂਟ ਕਰਨ ਵਾਸਤੇ ਦਿਹਾੜੀ ’ਤੇ ਲਾਇਆ ਸੀ। ਘਟਨਾ ਵਾਲੇ ਦਿਨ ਸਵੇਰੇ ਗਿਆਰਾਂ ਵਜੇ ਦੇ ਕਰੀਬ ਹੰਸਾ ਸਿੰਘ ਅਚਾਨਕ ਕੰਡਿਆਲੀ ਤਾਰ ਪਾਰ ਕਰਕੇ ਪਾਕਿਸਤਾਨ ਵੱਲ ਜਾ ਵੜਿਆ। ਮੌਕੇ ’ਤੇ ਮੌਜੂਦ ਬੀਐੱਸਐੱਫ਼ ਦੇ ਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ। ਬਾਅਦ ਵਿਚ ਪਾਕਿਸਤਾਨੀ ਰੇਂਜਰ ਉਸ ਨੂੰ ਫੜ ਕੇ ਆਪਣੇ ਨਾਲ ਲੈ ਗਏ।