ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਫਤਿਹਗੜ੍ਹ ਪੰਜਤੂਰ/ਮੋਗਾ, 10 ਜੁਲਾਈ
ਸਤਲੁਜ ਦਰਿਆ ਕਨਿਾਰੇ ਵਸੇ ਪਿੰਡ ਸੰਘੇੜਾ ਦਾ ਇੱਕ ਵਿਅਕਤੀ ਅੱਜ ਬਾਅਦ ਦੁਪਹਿਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ, ਜਿਸ ਦੀ ਪ੍ਰਸ਼ਾਸਨ ਵੱਲੋਂ ਲੰਮਾ ਸਮਾਂ ਭਾਲ ਕੀਤੀ ਗਈ, ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਲੂਕ ਸਿੰਘ ਪੁੱਤਰ ਵਧਾਵਾ ਸਿੰਘ ਵਾਸੀ ਪਿੰਡ ਸੰਘੇੜਾ ਬਾਅਦ ਦੁਪਹਿਰ ਦਰਿਆ ਦੇ ਪਾਣੀ ਵਿੱਚ ਘਿਰੇ ਆਪਣੇ ਘਰ ਤੋਂ ਧੁੱਸੀ ਬੰਨ੍ਹ ਵੱਲ ਆ ਰਿਹਾ ਸੀ। ਇਸ ਮੌਕੇ ਬੰਨ੍ਹ ’ਤੇ ਪੁਲੀਸ ਪ੍ਰਸ਼ਾਸਨ ਸਮੇਤ ਵੱਡੀ ਗਿਣਤੀ ਵਿੱਚ ਸਰਕਾਰੀ ਅਮਲਾ ਵੀ ਹਾਜ਼ਰ ਸੀ। ਉਕਤ ਵਿਅਕਤੀ ਬੰਨ੍ਹ ਦੇ ਨੇੜੇ ਪਹੁੰਚਿਆ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਉਸ ਦਾ ਸਤੁੰਲਨ ਵਿਗੜ ਗਿਆ ਤੇ ਉਹ ਪਾਣੀ ਵਿੱਚ ਰੁੜ੍ਹ ਗਿਆ। ਪ੍ਰਸ਼ਾਸਨ ਵੱਲੋਂ ਬੇੜੀ ਤੇ ਹੋਰ ਬਚਾਅ ਅਮਲੇ ਦੀ ਮਦਦ ਨਾਲ ਉਸ ਦੀ ਭਾਲ ਆਰੰਭੀ ਪਰ ਉਕਤ ਵਿਅਕਤੀ ਦਾ ਕੁਝ ਪਤਾ ਨਾ ਲੱਗ ਸਕਿਆ। ਡੀਐੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੰਘੇੜਾ, ਕੰਬੋ ਖੁਰਦ, ਕੰਬੋ ਕਲਾਂ, ਮੇਹਰੂਵਾਲਾ ਤੇ ਕਈ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ।
ਬਰਸਾਤੀ ਚੋਅ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਲਾਲੜੂ (ਪੱਤਰ ਪ੍ਰੇਰਕ): ਇੱਥੋਂ ਨਜ਼ਦੀਕੀ ਪਿੰਡ ਜੌਲਾਂ ਕਲਾਂ ਨੇੜੇ ਇੱਕ 30 ਸਾਲਾ ਨੌਜਵਾਨ ਮੋਟਰਸਾਈਕਲ ਸਮੇਤ ਬਰਸਾਤੀ ਚੋਅ ਦੇ ਤੇਜ਼ ਰਫ਼ਤਾਰ ਪਾਣੀ ਵਿੱਚ ਰੁੜ੍ਹ ਗਿਆ ਤੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਨੀਸ਼ ਕੁਮਾਰ ਪੁੱਤਰ ਹਰਮੇਸ਼ ਸਿੰਘ ਵਾਸੀ ਜੌਲਾਂ ਕਲਾਂ ਅੱਜ ਸ਼ਾਮ 6 ਵਜੇ ਦੇ ਕਰੀਬ ਜੌਲਾਂ ਕਲਾਂ ਤੋਂ ਬਲਟਾਣਾ ਜਾ ਰਿਹਾ ਸੀ, ਜੋ ਰਸਤੇ ਵਿੱਚ ਪੈਂਦੇ ਬਰਸਾਤੀ ਚੋਅ ਦੇ ਤੇਜ਼ ਪਾਣੀ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਸਮੇਤ ਰੁੜ੍ਹ ਗਿਆ ਅਤੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ।