ਸੁੰਦਰ ਨਾਥ ਆਰਿਆ
ਅਬੋਹਰ, 18 ਜੂਨ
ਪਿੰਡ ਧਰਮਪੁਰਾ ਵਿੱਚ ਇਕ ਨੌਜਵਾਨ ਨੇ ਆਪਣੀ ਮਾਂ ਨਾਲ ਕਥਿਤ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਪਿੰਡ ਦੇ ਹੀ ਇਕ ਵਿਅਕਤੀ ਦੇ ਹੱਥ-ਪੈਰ ਕੁਹਾੜੀ ਨਾਲ ਵੱਢ ਦਿੱਤੇ। ਉਸ ਨੇ ਪੀੜਤ ਵਿਅਕਤੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਵੇਖਣ ਮਗਰੋਂ ਤੈਸ਼ ’ਚ ਆਉਂਦਿਆਂ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਵਰਨ (50) ਪੁੱਤਰ ਜਗਰਾਮ ਪਿੰਡ ਵਿੱਚ ਖੇਤਾਂ ਵਿੱਚੋਂ ਲੱਕੜਾਂ ਵੱਢ ਕੇ ਟਰੈਕਟਰ ਟਰਾਲੀ ’ਤੇ ਵੇਚਣ ਦਾ ਕੰਮ ਕਰਦਾ ਸੀ। ਉਸ ’ਤੇ ਦੋਸ਼ ਹੈ ਕਿ ਉਸ ਦੇ ਪਿੰਡ ਦੀ ਇਕ ਔਰਤ ਨਾਲ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਘਟਨਾ ਵੇਲੇ ਔਰਤ ਦਾ ਪਤੀ ਅਤੇ ਲੜਕਾ ਕੰਮ ’ਤੇ ਗਏ ਹੋਏ ਸਨ, ਜਦਕਿ ਸਵਰਨ ਬੀਤੀ ਰਾਤ ਕਰੀਬ 12 ਵਜੇ ਖੇਤ ਤੋਂ ਆਇਆ ਅਤੇ ਔਰਤ ਨੂੰ ਮਿਲਣ ਲਈ ਉਸ ਦੇ ਘਰ ਪਹੁੰਚ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਔਰਤ ਦਾ ਪੁੱਤਰ ਘਰ ਆਇਆ ਤਾਂ ਸਵਰਨ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖ ਕੇ ਰੋਹ ਵਿੱਚ ਆ ਗਿਆ। ਗੁੱਸੇ ’ਚ ਆਏ ਨੌਜਵਾਨ ਨੇ ਘਰ ’ਚ ਰੱਖੀ ਕੁਹਾੜੀ ਨਾਲ ਸਵਰਨ ਦੇ ਹੱਥ, ਪੈਰ ਅਤੇ ਹੋਰ ਅੰਗ ਵੱਢ ਦਿੱਤੇ। ਮਗਰੋਂ ਕਿਸੇ ਨੇ ਘਟਨਾ ਦੀ ਸੂਚਨਾ ਪੰਚਾਇਤ ਨੂੰ ਦਿੱਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਕਰੀਬ 3 ਵਜੇ ਐਂਬੂਲੈਂਸ ਪਿੰਡ ’ਚ ਆਈ ਅਤੇ ਸਵਰਨ ਨੂੰ ਸਰਕਾਰੀ ਹਸਪਤਾਲ ਲੈ ਗਈ, ਜਦਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।