ਗਗਨਦੀਪ ਅਰੋੜਾ
ਲੁਧਿਆਣਾ, 2 ਨਵੰਬਰ
ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਚੇਅਰਮੈਨ ਹਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਅੱਜ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਅੱਜ ਤੜਕੇ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪਿਛਲੇ ਦਸ ਦਿਨਾਂ ਵਿੱਚ ਅਜਿਹਾ ਦੂਜਾ ਹਮਲਾ ਹੈ। ਕੁਝ ਦਿਨ ਪਹਿਲਾਂ ਸ਼ਿਵ ਸੈਨਾ ਭਾਰਤੀ ਦੇ ਪ੍ਰਧਾਨ ਯੋਗੇਸ਼ ਬਖਸ਼ੀ ਦੇ ਘਰ ’ਤੇ ਹਮਲਾ ਕੀਤਾ ਗਿਆ ਸੀ।
ਇਸ ਹਮਲੇ ਮਗਰੋਂ ਅੱਜ ਹਿੰਦੂ ਆਗੂਆਂ ਨੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਹਰਕੀਰਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਸ ਨੂੰ ਬੀਤੇ ਦੋ ਦਿਨ ਤੋਂ ਵਿਦੇਸ਼ੀ ਫੋਨ ਨੰਬਰਾਂ ਤੋਂ ਧਮਕੀ ਵਾਲੀਆਂ ਕਾਲਾਂ ਆ ਰਹੀਆਂ ਸਨ। ਅੱਜ ਤੜਕੇ ਹੋਏ ਧਮਾਕੇ ਕਾਰਨ ਸਾਰੇ ਪਰਿਵਾਰ ਦੀ ਨੀਂਦ ਖੁੱਲ੍ਹ ਗਈ, ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਕੱਚ ਦੀ ਬੋਤਲ ਟੁੱਟੀ ਹੋਈ ਸੀ। ਇਸ ਮਗਰੋਂ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਹਰਕੀਰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9.15 ਵਜੇ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ, ਜਿਸ ਵਿੱਚ ਲਿਖਿਆ ਸੀ, ‘ਜਾਗੋ, ਹੁਣ ਅਸੀ ਲੁਧਿਆਣਾ ਵਿੱਚ ਹਰ ਇੱਕ ਨੂੰ ਘਰੋਂ ਕੱਢਣਾ ਹੈ। ਸਾਡੇ ਕੋਲ ਹਰ ਕਿਸੇ ਦੇ ਘਰ ਦੇ ਪਤੇ ਹਨ।’
ਏਸੀਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।