ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਸਤੰਬਰ
ਆਪਣਾ ਜਨਮ ਦਿਨ ਮਨਾਉਣ ਮੌਕੇ ਪ੍ਰੇਮਿਕਾ ਨਾਲ ਹੋਈ ਬਹਿਸ ਤੋਂ ਗੁੱਸੇ ਵਿੱਚ ਆਏ ਪੰਜਾਬ ਪੁਲੀਸ ਦੇ ਕਾਂਸਟੇਬਲ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਦਾ ਵੀਰਵਾਰ ਤੜਕੇ ਸਾਢੇ ਤਿੰਨ ਵਜੇ ਦੀ ਘੁਮਾਰ ਮੰਡੀ ਖੇਤਰ ਵਿੱਚ ਵਾਪਰੀ। ਮ੍ਰਿਤਕਾ ਦੀ ਪਛਾਣ ਫਿਰੋਜ਼ਪੁਰ ਵਾਸੀ ਮਨਦੀਪ ਕੌਰ ਵਜੋਂ ਹੋਈ ਹੈ। ਪਹਿਲਾਂ ਇਸ ਵਾਰਦਾਤ ਨੂੰ ਪੁਲੀਸ ਨੇ ਖੁਦਕੁਸ਼ੀ ਕਰਾਰ ਦਿੱਤਾ ਸੀ ਪਰ ਰਾਤ ਨੂੰ ਜਦੋਂ ਲੜਕੀ ਦੇ ਪਰਿਵਾਰ ਵਾਲੇ ਪੁੱਜੇ ਤਾਂ ਉਨ੍ਹਾਂ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਕਾਂਸਟੇਬਲ ਸੁਖਵਿੰਦਰ ਸਿੰਘ, ਉਸ ਦੇ ਦੋਸਤ ਨੋਨੀ ਤੇ ਮ੍ਰਿਤਕਾ ਦੀ ਇਕ ਸਹੇਲੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਮੁਲਜ਼ਮਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਗਈ ਰਿਵਾਲਵਰ ਵੀ ਬਰਾਮਦ ਕਰ ਲਈ ਹੈ।