ਸ੍ਰੀ ਗੋਇੰਦਵਾਲ ਸਾਹਿਬ: ਇੱਥੋਂ ਦੇ ਪਿੰਡ ਜੌਹਲ ਢਾਏ ਵਾਲਾ ਵਿਚ ਕਾਰਬਾਈਨ ਸਾਫ਼ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਣਜੀਤ ਸਿੰਘ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਮੌਕੇ ’ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਚਚੇਰੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਰਣਜੀਤ ਸਿੰਘ ਆਪਣੀ ਸਰਵਿਸ ਕਾਰਬਾਈਨ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਰਣਜੀਤ ਸਿੰਘ ਦੇ ਛਾਤੀ ਵਿੱਚ ਲੱਗੀ। ਇਸ ਕਾਰਨ ਰਣਜੀਤ ਸਿੰਘ ਮੌਕੇ ’ਤੇ ਹੀ ਦਮ ਤੋੜ ਗਿਆ। ਰਣਜੀਤ ਸਿੰਘ ਦੀ ਹੋਈ ਮੌਤ ਕਾਰਨ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਪੰਜਾਬ ਪੁਲੀਸ ਵਿਚ ਬਤੌਰ ਹੌਲਦਾਰ ਤਾਇਨਾਤ ਸੀ। ਰਣਜੀਤ ਸਿੰਘ ਦੇ ਪਰਿਵਾਰ ਵਿਚ ਪਤਨੀ ਸਣੇ ਇੱਕ ਲੜਕਾ ਤੇ ਲੜਕੀ ਹਨ। -ਪੱਤਰ ਪ੍ਰੇਰਕ