ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਕਤੂਬਰ
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਚ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲਿਆਂ ਦੀ ਤਸਵੀਰ ਸਥਾਪਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਨਿਭਾਈ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਦਾ ਅਨਮੋਲ ਖਜ਼ਾਨਾ ਹੈ। ਇਥੇ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀਕਲਾ ਲਈ ਘਾਲਣਾ ਘਾਲੀ ਹੋਵੇ। ਉਨ੍ਹਾਂ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲਿਆਂ ਦੇ ਜੀਵਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਹ ਨਾਮ ਰਸੀਏ ਗੁਰਸਿੱਖ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਪ੍ਰਚਾਰ ਲਈ ਲਗਾਇਆ। ਇਸ ਮੌਕੇ ਗਿਆਨੀ ਜਸਵੰਤ ਸਿੰਘ, ਹਰਜਿੰਦਰ ਸਿੰਘ ਧਾਮੀ, ਮਨਜੀਤ ਸਿੰਘ ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਵੀ ਸੰਬੋਧਨ ਕੀਤਾ।