ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਫਰਵਰੀ
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਅਤੇ ਉਸ ਦੇ ਸਾਥੀਆਂ ਕੋਲੋਂ ਅਜ਼ਾਦ ਕਰਵਾਉਣ ਵੇੇਲੇ ਸ਼ਹੀਦ ਹੋਏ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਤਸਵੀਰ 100 ਸਾਲ ਬਾਅਦ ਅੱਜ ਸ਼੍ਰੋਮਣੀ ਕਮੇਟੀ ਵਲੋਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈ ਗਈ ਹੈ। ਇਹ ਸਾਕਾ 21 ਫਰਵਰੀ 1921 ਨੂੰ ਵਾਪਰਿਆ ਸੀ। ਇਸ ਸਾਕੇ ਦੀ ਸ਼ਤਾਬਦੀ ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਇਥੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਧਾਰੋਵਾਲੀ ਨੇੜੇ ਗੋਧਰਪੁਰਾ ਵਿਖੇ ਮੁੱਖ ਸਮਾਗਮ ਹੋਣਗੇ। ਇਸ ਸਾਕੇ ਦੇ ਮੁਖ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਇਸੇ ਪਿੰਡ ਦੇ ਵਾਸੀ ਸਨ। ਇਸ ਅਹਿਮ ਸਾਕੇ ਦੇ ਸੌ ਸਾਲ ਬੀਤਣ ਤੋਂ ਬਾਅਦ ਅੱਜ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈ ਗਈ ਗਈ ਹੈ, ਜਿਸ ਤੋਂ ਪਰਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਦਿ ਨੇ ਸਾਂਝੇ ਤੌਰ ’ਤੇ ਹਟਾਇਆ। ਇਸ ਮੌਕੇ ਸ਼ਹੀਦ ਧਾਰੋਵਾਲੀ ਦੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।