ਜਗਮੋਹਨ ਸਿੰਘ
ਰੂਪਨਗਰ, 6 ਨਵੰਬਰ
ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਦਫ਼ਤਰ ਦੇ ਨੇੜੇ ਸੜਕ ’ਤੇ ਸੀਵਰੇਜ ਦੇ ਪਾਣੀ ਵਿੱਚ ਬਣਿਆ ਡੂੰਘਾ ਖੱਡਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਜਾਣਕਾਰੀ ਅਨੁਸਾਰ ਰੋਟਰੀ ਕਲੱਬ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਣਵਾਏ ਪਖਾਨਿਆਂ ਅਤੇ ਸੀਵਰੇਜ ਦਾ ਓਵਰਫਲੋਅ ਪਾਣੀ ਲੰਬੇ ਸਮੇਂ ਤੋਂ ਸੜਕਾਂ ’ਤੇ ਭਰਿਆ ਹੋਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਪਗ ਸਾਰੇ ਅਧਿਕਾਰੀਆਂ ਦਾ ਇੱਧਰੋਂ ਦੀ ਆਉਣਾ-ਜਾਣਾ ਹੈ। ਇਸ ਪਾਣੀ ਵਿੱਚ ਡੂੰਘਾ ਖੱਡਾ ਬਣਿਆ ਹੋਇਆ ਹੈ ਜਿਹੜਾ ਪਾਣੀ ਵਿੱਚ ਹੋਣ ਕਾਰਨ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ। ਸ਼ਹਿਰ ਵਾਲੇ ਪਾਸੇ ਤੋਂ ਆ ਕੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਮੁੜਨ ਵਾਲੇ ਲੋਕਾਂ ਦੇ ਵਾਹਨ ਅਕਸਰ ਇਸ ਖੱਡੇ ਵਿੱਚ ਡਿੱਗਦੇ ਹਨ। ਇੱਥੇ ਕੱਲ੍ਹ ਇੱਕ ਮੋਟਰਸਾਈਕਲ ਇਸ ਖੱਡੇ ਵਿੱਚ ਡਿੱਗ ਗਿਆ। ਇਸ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਸਣੇ ਦੋ ਬੱਚੇ ਸੀਵਰੇਜ ਦੇ ਪਾਣੀ ਵਿੱਚ ਡਿੱਗ ਗਏ। ਹਾਦਸੇ ਮਗਰੋਂ ਖੱਡੇ ਵਿੱਚ ਡਿੱਗੇ ਮੋਟਰਸਾਈਕਲ ਨੂੰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਕਚਹਿਰੀਆਂ ਵਿੱਚ ਕੰਮ ਕਰਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੱਡੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਸੀਵਰੇਜ ਦੀ ਲੀਕੇਜ ਨੂੰ ਬੰਦ ਕੀਤਾ ਜਾਵੇ ਅਤੇ ਇੱਥੇ ਬਣੇ ਖੱਡੇ ਨੂੰ ਪੂਰਿਆ ਜਾਵੇ।
ਇਸ ਸਬੰਧੀ ਨਗਰ ਕੌਂਸਲ ਰੂਪਨਗਰ ਦੇ ਈਓ ਅਸ਼ੋਕ ਕੁਮਾਰ ਨੇ ਇਸ ਸਬੰਧੀ ਅਣਜਾਣਤਾ ਜ਼ਾਹਰ ਕਰਦਿਆਂ ਸਮੱਸਿਆ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।