ਸੰਜੀਵ ਕੁਮਾਰ ਬੱਬੀ
ਚਮਕੌਰ ਸਾਹਿਬ, 30 ਜੂਨ
ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਪੈਂਦੇ ਪਿੰਡ ਭੋਜੇਮਾਜਰਾ ਦੇ ਨਹਿਰ ਪੁਲ ਤੋਂ ਨਿਕਲਦੀ ਲਿੰਕ ਸੜਕ ਕਾਫੀ ਲੰਮੇਂ ਸਮੇਂ ਤੋਂ ਟੁੱਟਣ ਕਾਰਨ ਰੋਜ਼ਾਨਾ ਹੀ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਸੜਕ ਤੋਂ ਪਿੰਡ ਭੋਜੇਮਾਜਰਾ, ਭੈਰੋਮਾਜਰਾ, ਭਲਿਆਣਾ, ਚੌਂਤਾ, ਖੇੜੀ ਸਲਾਬਤਪੁਰ, ਕਮਾਲਪੁਰ, ਸਿਲੋਮਾਸਕੋ, ਭੈਣੀ ਅਤੇ ਮਨਸੂਹਾ ਆਦਿ ਪਿੰਡਾਂ ਦੇ ਲੋਕ ਰੋਜ਼ਾਨਾ ਹੀ ਆਪਣੇ ਕੰਮਕਾਰਾਂ ਲਈ ਚਮਕੌਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਹਨ ਪਰ ਸੜਕ ਦਾ ਕਾਫੀ ਹਿੱਸਾ ਖਰਾਬ ਹੋਣ ਕਾਰਨ ਉਹ ਦੁਖੀ ਤੇ ਪ੍ਰੇਸ਼ਾਨ ਹਨ। ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਕਿਸਾਨ ਆਗੂ ਗੁਰਮੀਤ ਸਿੰਘ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਉਕਤ ਸੜਕ ਦੋ ਸਾਲ ਪਹਿਲਾਂ ਹੀ ਬਣੀ ਸੀ ਪਰ ਹੁਣ ਇਹ ਸੜਕ ਪੁਲ ਤੋਂ ਲੈ ਕੇ ਗੇਟ ਤੱਕ ਇਸ ਹੱਦ ਤੱਕ ਟੁੱਟ ਚੁੱਕੀ ਹੈ ਕਿ ਕਿਤੇ ਵੀ ਸੜਕ ਨਜ਼ਰ ਨਹੀਂ ਆਉਂਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਨਹਿਰ ਦੇ ਪੁਲ ਨੂੰ ਉੱਚਾ ਚੁੱਕਿਆ ਜਾਵੇ, ਉੱਥੇ ਹੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਇਸ ਸੜਕ ਨੂੰ ਬਣਾਇਆ ਜਾਵੇ।