ਜੋਗਿੰਦਰ ਸਿੰਘ ਮਾਨ/ ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 19 ਨਵੰਬਰ
ਇਸ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਜਾਖ਼ਲ ਰੋਡ ’ਤੇ ਪੁਲ ਨੇੜੇ ਕਾਰ ਨੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦਰਜਨ ਦੇ ਕਰੀਬ ਬੱਚੇ, ਡਰਾਈਵਰ ਅਤੇ ਸਕੂਲ ਦੀ ਮਹਿਲਾ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ’ਚ ਦਾਖਲ ਕਰਵਾਇਆ ਗਿਆ ਹੈ। ਸਬ-ਡਿਵੀਜ਼ਨ ਬੁਢਲਾਡਾ ਦੇ ਡੀਐੱਸਪੀ ਗਮਦੂਰ ਸਿੰਘ ਚਹਿਲ ਅਤੇ ਐੱਸਐੱਚਓ ਸਿਟੀ ਬੁਢਲਾਡਾ ਸੁਖਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਬਰੇਟਾ ਦੇ ਬੀਐੱਮਡੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਪੁਲ ਦੇ ਨੇੜੇ ਕਾਰ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜ਼ਖ਼ਮੀ ਵੈਨ ਦੇ ਡਰਾਈਵਰ ਸੁਖਪਾਲ ਸਿੰਘ (35), ਸਕੂਲ ਦੀ ਮਹਿਲਾ ਮੁਲਾਜ਼ਮ ਬਲਵੀਰ ਦੇਵੀ (50), ਵਿਦਿਆਰਥਣ ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), ਤਮੰਨਾ (3), ਵੰਸ਼ਿਕਾ (7), ਸ਼ਿਵਮ (6) ਅਤੇ ਗੁਰਲੀਨ ਕੌਰ (6) ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੂਸਰੇ ਪਾਸੇ ਕਾਰ ਦਾ ਡਰਾਈਵਰ ਯੋਗੇਸ਼ ਸ਼ਰਮਾ (45) ਤੇ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਚਓ (ਬਰੇਟਾ) ਅਮਰੀਕ ਸਿੰਘ ਨੇ ਘਟਨਾ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।