ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 17 ਅਗਸਤ
ਇੱਥੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿੱਚ ਤਿੰਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 30 ਸਾਲਾ ਸੁਰੱਖਿਆ ਗਾਰਡ ਰੁਪਿੰਦਰ ਸਿੰਘ ਵਾਸੀ ਭੁਰਥਲਾ ਰੰਧਾਵਾ, ਜ਼ਿਲ੍ਹਾ ਲੁਧਿਆਣਾ ’ਤੇ ਹਮਲਾ ਕਰ ਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਗੰਭੀਰ ਹਾਲਤ ਵਿੱਚ ਪੀੜਤ ਨੂੰ ਸਥਾਨਕ ਸਿਵਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਦੀ ਮੌਤ ਹੋ ਗਈ।
ਸਥਾਨਕ ਪੁਲੀਸ ਨੇ ਮ੍ਰਿਤਕ ਦੇ ਪਿਤਾ ਪਵਿੱਤਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਛਤਰਪਾਲ ਸਿੰਘ, ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਕਾਲੋਨੀ, ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਲੁਧਿਆਣਾ ਦੀ ਐਮਰਜੈਂਸੀ ਸਕਿਓਰਟੀ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਸੀ। ਇਕ ਦਿਨ ਉਸ ਦੇ ਲੜਕੇ ਦੇ ਕਿਤੇ ਚਲੇ ਜਾਣ ’ਤੇ ਉਸ ਦੀ ਥਾਂ ਛਤਰਪਾਲ ਨੇ ਮੰਡੀ ਗੋਬਿੰਦਗੜ੍ਹ ਦੀ ਅੰਬਿਕਾ ਮਿੱਲ ਵਿੱਚ ਡਿਊਟੀ ਕੀਤੀ ਸੀ, ਜਿਸ ਕਾਰਨ ਉਸ ਦੇ ਲੜਕੇ ਅਤੇ ਛਤਰਪਾਲ ਵਿਚਾਲੇ ਤਕਰਾਰ ਹੋ ਗਈ।
ਇਸੇ ਪੁਰਾਣੀ ਰੰਜਿਸ਼ ਕਾਰਨ ਛਤਰਪਾਲ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦੇ ਲੜਕੇ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।