ਜੋਗਿੰਦਰ ਸਿੰਘ ਮਾਨ
ਮਾਨਸਾ, 12 ਨਵੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸ ਨੇ ਖੁਦ ਗੋਲੀ ਮਾਰੀ ਜਾਂ ਕਿਸੇ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ, ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ। ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਰੱਖਿਆ ਗਿਆ ਹੈ। ਪੁਲੀਸ ਮੁਲਾਜ਼ਮ ਹਰਦੀਪ ਸਿੰਘ ਵਾਸੀ ਪਿੰਡ ਫਫੜੇ ਭਾਈਕੇ ਕਾਫੀ ਸਮੇਂ ਤੋਂ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ ਸੀ ਅਤੇ ਉਹ ਆਪਣੇ ਪਿੰਡ ਫਫੜੇ ਭਾਈਕੇ ਆਇਆ ਹੋਇਆ ਸੀ। ਹਰਦੀਪ ਸਿੰਘ, ਮਾਨਸਾ ਤੋਂ ਕਿਸੇ ਵਿਆਹ ਸਮਾਗਮ ਵਿੱਚੋਂ ਜਦੋਂ ਸ਼ਾਮ ਸਮੇਂ ਘਰ ਪਰਤਿਆ ਤਾਂ ਉਸ ਤੋਂ ਬਾਅਦ ਰਾਤ ਦੇ ਕਰੀਬ 9 ਵਜੇ ਗੋਲੀ ਲੱਗਣ ਦੀ ਘਟਨਾ ਵਾਪਰ ਗਈ। ਉਸ ਦੇ ਸਿਰ ਵਿੱਚ ਗੋਲੀ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਬ-ਡਿਵੀਜ਼ਨ ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਸੁਰੱਖਿਆ ਕਰਮੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਤਾਇਨਾਤ ਦੋ ਸੁਰੱਖਿਆ ਕਰਮਚਾਰੀਆਂ ਦੀ ਕੁਝ ਸਮਾਂ ਪਹਿਲਾਂ ਹੱਥੋਪਾਈ ਹੋ ਗਈ ਸੀ ਅਤੇ ਹੁਣ ਮੂਸੇਵਾਲਾ ਦੇ ਪਰਿਵਾਰ ਦੇ ਸੁਰੱਖਿਆ ਕਰਮੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।