ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਫਰਵਰੀ
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਕੁਝ ਦਿਨ ਬਾਕੀ ਰਹਿ ਗਏ ਹਨ ਤੇ ਇਸ ਦੇ ਨਾਲ ਹੀ ਸ਼ਰਾਬ ਦੀ ਤਸਕਰੀ ਦੇ ਮਾਮਲੇ ਵੀ ਵਧ ਗਏ ਹਨ। ਲੁਧਿਆਣਾ ਵਿੱਚ ਵਿਸ਼ੇਸ਼ ਬਰਾਂਚ ਦੀ ਟੀਮ ਨੇ ਜਾਂਚ ਦੌਰਾਨ ਬੋਲੈਰੋ ਗੱਡੀ ’ਚ ਹਰਿਆਣਾ ਤੋਂ ਲਿਆਂਦੀ 150 ਪੇਟੀ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਜ਼ਬਤ ਕਰ ਲਈ ਹੈ। ਇਸ ਗੱਡੀ ਨੂੰ ਐਸਕਾਰਟ ਕਰ ਰਹੇ ਦੋ ਮੁਲਜ਼ਮ ਪੁਲੀਸ ਨੂੰ ਦੇਖ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਸ਼ਰਾਬ ਚੋਣਾਂ ਦੌਰਾਨ ਵੋਟਰਾਂ ’ਚ ਵੰਡੀ ਜਾਣੀ ਸੀ। ਪੁਲੀਸ ਨੇ ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਸੁਖਵਿੰਦਰ ਸਿੰਘ ਸੁੱਖਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਰਾਰ ਹੋਏ ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਥਾਨਕ ਡੀਸੀਪੀ (ਜਾਂਚ) ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਹੇਠ ਸਪੈਸ਼ਲ ਬਰਾਂਚ ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ’ਚ ਬੋਲੈਰੋ ਸਵਾਰ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਕਾਬੂ ਕਰਕੇ ਗੱਡੀ ਵਿੱਚੋਂ 150 ਪੇਟੀਆਂ ਸ਼ਰਾਬ ਜ਼ਬਤ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸੁਖਵਿੰਦਰ ਬੋਲੈਰੋ ’ਤੇ ਸੀ ਤੇ ਉਸ ਨੂੰ ਵਰਨਾ ਸਵਾਰ ਮਹਿੰਦਰ ਸਿੰਘ ਉਰਫ਼ ਬੱਲੀ ਤੇ ਇੱਕ ਹੋਰ ਮੁਲਜ਼ਮ ਐਸਕਾਰਟ ਕਰ ਰਹੇ ਸਨ। ਪੁਲੀਸ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ, ਪਰ ਉਹ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ।
ਅੱਠ ਕਰੋੜ ਦੀ ਹੈਰੋਇਨ ਸਣੇ ਨਾਇਜੀਰੀਆਈ ਮਹਿਲਾ ਕਾਬੂ
ਪਟਿਆਲਾ (ਖੇਤਰੀ ਪ੍ਰਤੀਨਿਧ): ਸਥਾਨਕ ਪੁਲੀਸ ਨੇ ਲਗਪਗ ਅੱਠ ਕਰੋੜ ਦੀ ਕੀਮਤ ਦੀ ਹੈਰੋਇਨ ਸਣੇ ਇੱਕ ਨਾਇਜੀਰੀਆਈ ਮਹਿਲਾ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਬਨੂੜ ਦੀ ਟੀਮ ਨੇ ਪੌਣੇ ਦੋ ਕਿੱਲੋ ਹੈਰੋਇਨ ਦੀ ਖੇਪ ਸਣੇ ਮੁਲਜ਼ਮ ਮਹਿਲਾ ਨੂੰ ਪਿੰਡ ਜਾਂਸਲਾ ਕੋਲੋਂ ਕਾਬੂ ਕੀਤਾ ਹੈ। ਰਾਜਪੁਰਾ ਦੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਬਹੁ ਕਰੋੜੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤੀ ਗਈ ਇਸ ਮਹਿਲਾ ਦੀ ਪਛਾਣ ਜੂਲੀਅਟ ਅੋਮੀਗਫੈਮੋ ਵਾਸੀ ਇੰਡੋ ਸਟੇਟ ਨਾਇਜੀਰੀਆ (ਹਾਲ ਵਾਸੀ ਸ਼ਾਹਦਰਾ ਵਿਹਾਰ, ਨਵੀਂ ਦਿੱਲੀ) ਵਜੋਂ ਹੋਈ ਹੈ। ਇਹ ਹੈਰੋਇਨ ਉਸ ਨੇ ਬੈਗ ਵਿੱਚ ਲੁਕੋਈ ਹੋਈ ਸੀ।