ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਦਸੰਬਰ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੋਮਵਾਰ ਨੂੰ ਧਰਨੇ ਪ੍ਰਦਰਸ਼ਨ ਵਾਲੀਆਂ ਸਾਰੀਆਂ ਥਾਵਾਂ ’ਤੇ ਇਕ ਰੋਜ਼ਾ ਲੜੀਵਾਰ ਭੁੱਖ ਹੜਤਾਲ ਰੱਖਣਗੇ ਜਦੋਂਕਿ 25 ਤੋਂ 27 ਦਸੰਬਰ ਦੌਰਾਨ ਹਰਿਆਣਾ ਵਿੱਚ ਸ਼ਾਹਰਾਹਾਂ ’ਤੇ ਪੈਂਦੇ ਸਾਰੇ ਟੌਲ ਪਲਾਜ਼ਿਆਂ ਨੂੰ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਇਹ ਐਲਾਨ ਅੱਜ ਇਥੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ। ਆਗੂਆਂ ਨੇ ਕਿਹਾ ਕਿ 23 ਦਸੰਬਰ ਨੂੰ ‘ਕਿਸਾਨ ਦਿਹਾੜੇ’ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ, ਰਾਕੇਸ਼ ਟਿਕੈਤ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਪਾਲ ਵੀ ਮੌਜੂਦ ਸਨ।ਯਾਦਵ ਨੇ ਕਿਹਾ, ‘ਕਿਸਾਨ ਭਲਕ ਤੋਂ ਧਰਨੇ ਵਾਲੀਆਂ ਸਾਰੀਆਂ ਥਾਵਾਂ ’ਤੇ ਇਕ ਰੋਜ਼ਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ। 11 ਮੈਂਬਰੀ ਟੀਮ ਧਰਨੇ ਵਾਲੀ ਥਾਂ ਇਸ ਦੀ ਸ਼ੁਰੂਆਤ ਕਰੇਗੀ।’ ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਸੜਕਾਂ ’ਤੇ ਉਤਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧਰਨੇ ਵਾਲੀਆਂ ਥਾਵਾਂ ’ਤੇ ਇਕ ਰੋਜ਼ਾ ਭੁੱਖ ਹੜਤਾਲ ਕਰਨ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਅਗਲੀ ਰਣਨੀਤੀ ਤਹਿਤ ਕਿਸਾਨ 25 ਤੋਂ 27 ਦਸੰਬਰ ਨੂੰ ਹਰਿਆਣਾ ਦੇ ਸਾਰੇ ਸ਼ਾਹਰਾਹਾਂ ’ਤੇ ਪੈਂਦੇ ਟੌਲ ਪਲਾਜ਼ਿਆਂ ਨੂੰ ਜਾਮ ਕਰਨਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਘਰਸ਼ ਦੇ ਰਾਹ ਪਏ ਕਿਸਾਨ 23 ਦਸੰਬਰ ਨੂੰ ‘ਕਿਸਾਨ ਦਿਹਾੜੇ’ ਵਜੋਂ ਮਨਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਇਕ ਦਿਨ ਲਈ ਦੁਪਹਿਰ ਦਾ ਖਾਣਾ ਨਾ ਬਣਾਉਣ।’