ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 19 ਫਰਵਰੀ
ਵਿਧਾਨ ਸਭਾ ਹਲਕਾ (18) ਅੰਮ੍ਰਿਤਸਰ ਪੂਰਬੀ ਪੰਜਾਬ ਦੀ ਵੱਕਾਰੀ ਸੀਟ ਬਣ ਚੁੱਕੀ ਹੈ। ਇਥੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਜ਼ਬਰਦਸਤ ਟੱਕਰ ਹੈ। ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦੇ ਮੌਜੂਦਾ ਵਿਧਾਇਕ ਹਨ, ਜਦਕਿ ਨਵਜੋਤ ਸਿੰਘ ਸਿੱਧੂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਵਿਧਾਇਕ ਹਨ ਤੇ ਸਥਾਨਕ ਸਰਕਾਰਾਂ ਮੰਤਰੀ ਵੀ ਰਹਿ ਚੁੱਕੇ ਹਨ। ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਕਬੂਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਹਲਕਾ ਮਜੀਠਾ ਛੱਡ ਕੇ ਹਲਕਾ ਪੂਰਬੀ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ, ਜਦਕਿ ਮਜੀਠਾ ਦੀ ਸੀਟ ਤੋਂ ਹੁਣ ਉਨ੍ਹਾਂ ਦੀ ਪਤਨੀ ਗਨੀਵ ਕੌਰ ਚੋਣ ਮੈਦਾਨ ਵਿੱਚ ਹਨ। 2012 ਤੋਂ ਸਿੱੱਧੂ ਜੋੜਾ ਹਲਕਾ ਪੂਰਬੀ ਦੀ ਨੁਮਾਇੰਦਗੀ ਕਰ ਰਿਹਾ ਹੈ। 2012 ਵਿਚ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਇਥੋਂ ਵਿਧਾਇਕ ਬਣੀ। ਉਨ੍ਹਾਂ ਤੋਂ ਬਾਅਦ ਪਿਛਲੀ 2017 ਦੀ ਚੋਣ ਵਿੱਚ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਜੇਤੂ ਰਹੇ। ਇਸ ਵਾਰ 2022 ਦੀਆਂ ਚੋਣਾਂ ਵਿੱਚ ਇਥੋਂ ਭਾਜਪਾ ਵੱਲੋਂ ਜਗਮੋਹਨ ਸਿੰਘ ਰਾਜੂ ਅਤੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜੀਵਨਜੋਤ ਕੌਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦੇਖਿਆ ਜਾਵੇ ਤਾਂ ਮੁੱਖ ਮੁਕਾਬਲਾ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੈ। ਚੋਣ ਪ੍ਰਚਾਰ ਦੌਰਾਨ ਦੋਨਾਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਹੈ। ਪਾਰਟੀ ਸਮਰਥਕਾਂ ਤੋਂ ਇਲਾਵਾ ਹਲਕੇ ਦਾ ਵੋਟਰ ਖਾਮੋਸ਼ ਹੈ, ਉਹ ਖੁੱਲ੍ਹ ਕੇ ਕਿਸੇ ਇੱਕ ਦੇ ਹੱਕ ਵਿੱਚ ਗੱਲ ਨਹੀਂ ਕਰ ਰਿਹਾ।