* ਕਸ਼ਮੀਰ ਵਿੱਚ ਨਵੇਂ ਸਾਲ ਮੌਕੇ ਬਰਫ਼ਬਾਰੀ ਨਾ ਹੋਣ ਕਾਰਨ ਸੈਲਾਨੀ ਨਿਰਾਸ਼
ਚੰਡੀਗੜ੍ਹ, 1 ਜਨਵਰੀ
ਨਵੇਂ ਸਾਲ ਮੌਕੇ ਉੱਤਰ ਭਾਰਤ ਕੜਾਕੇ ਦੀ ਠੰਢ ਦੌਰਾਨ ਧੁੰਦ ਦੀ ਸੰਘਣੀ ਬੁੱਕਲ ਵਿੱਚ ਢਕਿਆ ਰਿਹਾ। ਪੰਜਾਬ ਅਤੇ ਹਰਿਆਣਾ ਵਿੱਚ ਹੱਡ-ਚੀਰਵੀਂ ਠੰਢ ਦੌਰਾਨ ਘੱਟ-ਘੱਟੋ ਤਾਪਮਾਨ ਆਮ ਨਾਲੋਂ ਕਈ ਡਿਗਰੀ ਹੇਠਾਂ ਰਿਹਾ। ਦੋਵਾਂ ਸੂਬਿਆਂ ’ਚੋਂ ਹਿਸਾਰ ਮਨਫ਼ੀ 1.2 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਠੰਢਾ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੋਵਾਂ ਸੂਬਿਆਂ ਵਿੱਚ ਸਵੇਰ ਵੇਲੇ ਧੁੰਦ ਦੀ ਸੰਘਣੀ ਚਾਦਰ ਕਾਰਨ ਦੂਰ-ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਪੰਜਾਬ ਦੇ ਫ਼ਰੀਦਕੋਟ ਵਿੱਚ ਕਹਿਰਾਂ ਦੀ ਠੰਢ ਪਈ ਅਤੇ ਘੱਟੋ-ਘੱਟ ਤਾਪਮਾਨ 0.2 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਅਤੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 1.2 ਡਿਗਰੀ ਅਤੇ 2.2 ਡਿਗਰੀ ਤੱਕ ਚਲਾ ਗਿਆ। ਪਠਾਨਕੋਟ, ਹਲਵਾਰਾ, ਆਦਮਪੁਰ, ਲੁਧਿਆਣਾ, ਪਟਿਆਲਾ ਅਤੇ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 3.1 ਡਿਗਰੀ, 3.5 ਡਿਗਰੀ, 3.1 ਡਿਗਰੀ, 4.6 ਡਿਗਰੀ, 4.8 ਡਿਗਰੀ ਅਤੇ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਿਰਸਾ, ਅੰਬਾਲਾ, ਕਰਨਾਲ, ਰੋਹਤਕ ਅਤੇ ਭਿਵਾਨੀ ਵਿੱਚ ਰਾਤ ਦਾ ਤਾਪਮਾਨ ਕ੍ਰਮਵਾਰ 2 ਡਿਗਰੀ, 4.4 ਡਿਗਰੀ, 3.5 ਡਿਗਰੀ, 2 ਡਿਗਰੀ ਅਤੇ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਅਸੀਅਸ ਦਰਜ ਕੀਤਾ ਗਿਆ।
ਸ੍ਰੀਨਗਰ: ਕਸ਼ਮੀਰ ਵਿੱਚ ਕੜਾਕੇ ਦੀ ਠੰਢ ਦੌਰਾਨ ਤਾਪਮਾਨ ਮਨਫ਼ੀ ਵਿੱਚ ਦਰਜ ਕੀਤਾ ਗਿਆ। ਵਾਦੀ ਵਿੱਚ ਤਾਪਮਾਨ ਘਟਣ ਕਰਕੇ ਪਾਣੀ ਦੀਆਂ ਸਪਲਾਈ ਪਾਈਪਾਂ ਵਿੱਚ ਪਾਣੀ ਜੰਮ ਗਿਆ ਅਤੇ ਕਈ ਥਾਈਂ ਪਾਣੀ ਦੇ ਸੋਮਿਆਂ ਵਿੱਚ ਬਰਫ਼ ਜੰਮੀ ਰਹੀ। ਕਸ਼ਮੀਰ ਭਰ ਵਿੱਚ ਮੌਸਮ ਖ਼ੁਸ਼ਕ ਰਿਹਾ ਅਤੇ ਵਾਦੀ ਵਿੱਚ ਨਵਾਂ ਸਾਲ ਮਨਾਉਣ ਆਏ ਸੈਂਕੜੇ ਸੈਲਾਨੀਆਂ ਨੂੰ ਬਰਫ਼ਬਾਰੀ ਨਾ ਹੋਣ ਕਰਕੇ ਨਿਰਾਸ਼ਾ ਹੋਈ। ਗੁਲਮਰਗ ਦੇ ਮਸ਼ਹੂਰ ਸਕੀਅ ਰਿਜ਼ੌਰਟ ਵਿੱਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਪੁੱਜੇ ਸੈਲਾਨੀ ਤਾਜ਼ਾ ਬਰਫ਼ਬਾਰੀ ਉਡੀਕਦੇ ਰਹੇ ਪ੍ਰੰਤੂ ਮੌਸਮ ਖ਼ੁਸ਼ਕ ਰਹਿਣ ਕਾਰਨ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੋਈ ਬਰਫ਼ਬਾਰੀ ਕਾਰਨ ਜੰਮੀ ਬਰਫ਼, ਜੋ ਵਾਦੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਹੈ, ਨਾਲ ਹੀ ਸਬਰ ਕਰਨਾ ਪਿਆ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਭਾਰਤ ਦੇ ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ ਨੂੰ 3 ਜਨਵਰੀ ਤੋਂ ਬਾਅਦ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 4 ਤੋਂ 6 ਜਨਵਰੀ ਦੌਰਾਨ ਪੱਛਮੀ ਹਿਮਾਲਿਆ ਖੇਤਰ ਵਿੱਚ ਮੀਂਹ/ਬਰਫ਼ਬਾਰੀ ਦੀ ਵੱਡੀ ਸੰਭਾਵਨਾ ਹੈ। -ਪੀਟੀਆਈ
ਦਿੱਲੀ ’ਚ ਤਾਪਮਾਨ ਦਾ 15 ਸਾਲਾਂ ਦਾ ਰਿਕਾਰਡ ਟੁੱਟਿਆ
ਨਵੀਂ ਦਿੱਲੀ: ਨਵੇਂ ਸਾਲ ਮੌਕੇ ਕੌਮੀ ਰਾਜਧਾਨੀ ਵਿੱਚ ਪਾਰਾ 1.1 ਡਿਗਰੀ ਸੈਲਸੀਅਸ ਤੱਕ ਹੇਠਾਂ ਚਲੇ ਜਾਣ ਨਾਲ ਪਿਛਲੇ 15 ਸਾਲਾਂ ਦਾ ਰਿਕਾਰਡ ਟੁੱਟ ਗਿਆ। ਨਵੀਂ ਦਿੱਲੀ ਵਿੱਚ ‘ਬਹੁਤ ਸੰਘਣੀ ਧੁੰਦ’ ਕਾਰਨ ‘ਜ਼ੀਰੋ’ ਮੀਟਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਦਿੱਲੀ ਵਿੱਚ 8 ਜਨਵਰੀ, 2006 ਨੂੰ 0.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਕੌਮੀ ਰਾਜਧਾਨੀ ਦਾ ਸਭ ਤੋਂ ਘੱਟ ਤਾਪਮਾਨ ਦਾ ਰਿਕਾਰਡ ਮਨਫ਼ੀ 0.6 ਡਿਗਰੀ ਸੈਲਸੀਅਸ ਦਾ ਹੈ, ਜੋ ਜਨਵਰੀ 1935 ਵਿੱਚ ਦਰਜ ਕੀਤਾ ਗਿਆ ਸੀ। -ਪੀਟੀਆਈ