ਆਤਿਸ਼ ਗੁਪਤਾ
ਚੰਡੀਗੜ੍ਹ, 23 ਸਤੰਬਰ
ਪੰਜਾਬ ਅਤੇ ਹਰਿਆਣਾ ਵਿੱਚ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦੋਵੇਂ ਸੂਬੇ ਜਲ-ਥਲ ਹੋ ਗਏ। ਮੀਂਹ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉੱਥੇ ਹੀ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਮਾਲਵਾ ਖੇਤਰ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਨਰਮੇ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਹੋਇਆ। ਦੋਆਬੇ ’ਚ ਮੀਂਹ ਪੈਣ ਕਾਰਨ ਮਟਰਾਂ ਤੇ ਆਲੂਆਂ ਦੀ ਫਸਲ ਬਰਬਾਦ ਹੋ ਗਈ। ਮੌਸਮ ਵਿਭਾਗ ਨੇ ਭਲਕੇ ਦੁਆਬੇ ਦੇ ਇਲਾਕੇ ਵਿੱਚ ਕਿਣ-ਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਜਦਕਿ 26 ਅਤੇ 27 ਸਤੰਬਰ ਨੂੰ ਵੀ ਦੁਆਬਾ ਅਤੇ ਮਾਲਵਾ ਇਲਾਕੇ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਦੋ ਦਿਨਾਂ ਤੋਂ ਰੁਕ-ਰੁਕ ਕੇ ਅਤੇ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਲੰਘੀ ਰਾਤ ਤੋਂ ਪਟਿਆਲਾ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪਿਆ ਹੈ ਜਿੱਥੇ 139 ਐੱਮਐੱਮ ਮੀਂਹ ਦਰਜ ਕੀਤਾ ਗਿਆ। ਮੀਂਹ ਕਾਰਨ ਦਿਨ ਭਰ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ ਰਹੀਆਂ। ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਘੱਟ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 24.1 ਡਿਗਰੀ ਸੈਲਸੀਅਸ ਸੀ। ਲੁਧਿਆਣਾ, ਫਰੀਦਕੋਟ, ਜਲੰਧਰ, ਗੁਰਦਾਸਪੁਰ, ਬਠਿੰਡਾ, ਅੰਮ੍ਰਿਤਸਰ, ਮਾਨਸਾ ਅਤੇ ਸੰਗਰੂਰ ਦੇ ਕਈ ਇਲਾਕਿਆ ਵਿੱਚ ਵੀ ਮੀਂਹ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਪੈਣ ਕਾਰਨ ਲੁਧਿਆਣਾ ਦਾ ਤਾਪਮਾਨ 24.3 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ 9 ਡਿਗਰੀ ਘੱਟ ਦਰਜ ਕੀਤਾ। ਬਠਿੰਡਾ ਦਾ 27.8 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ।
ਇਸੇ ਤਰ੍ਹਾਂ ਅੰਮ੍ਰਿਤਸਰ, ਫਰੀਦਕੋਟ, ਗੁਰਦਾਸਪੁਰ ਅਤੇ ਜਲੰਧਰ ’ਚ 5 ਡਿਗਰੀ ਸੈਲਸੀਅਸ ਤਾਪਮਾਨ ਡਿੱਗ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 31 ਐੱਮਐੱਮ ਮੀਂਹ ਦਰਜ ਕੀਤਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਭਿਵਾਨੀ ਵਿੱਚ 97.4 ਡਿਗਰੀ ਸੈਲਸੀਅਸ, ਅੰਬਾਲਾ ’ਚ 61.2 ਐੱਮਐੱਮ, ਹਿਸਾਰ ਵਿੱਚ 40 ਐੱਮਐੱਮ, ਕਰਨਾਲ ’ਚ 8.6, ਨਾਰਨੌਲ ’ਚ 53, ਰੋਹਤਕ ’ਚ 17, ਗੁਰੂਗ੍ਰਾਮ ’ਚ 12 ਐੱਮਐੱਮ ਮੀਂਹ ਦਰਜ ਕੀਤਾ ਹੈ। ਉੱਥੇ ਵੀ ਲਗਾਤਾਰ ਮੀਂਹ ਪੈਣ ਕਾਰਨ ਪਾਰਾ 5 ਤੋਂ 6 ਡਿਗਰੀ ਸੈਲਸੀਅਸ ਆਮ ਨਾਲੋਂ ਹੇਠਾਂ ਡਿੱਗ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਲਕੇ 24 ਸਤੰਬਰ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।