ਜਗਮੋਹਨ ਸਿੰਘ
ਰੂਪਨਗਰ, 21 ਅਪਰੈਲ
ਘਾੜ ਇਲਾਕੇ ਦੇ ਪਿੰਡ ਰਾਮਪੁਰ ਦੀ ਜ਼ਮੀਨ ਵਿੱਚੋਂ ਕੱਟੇ ਗਏ ਦਰੱਖਤਾਂ ਦੀ ਲੱਕੜ ਦੀ ਭਰੀ ਟਰਾਲੀ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਰੂਪਨਗਰ ਦੇ ਗਲੇ ਦੀ ਹੱਡੀ ਬਣ ਗਈ ਹੈ। ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਰਾਮਪੁਰ ਵੱਲੋਂ ਸ਼ਾਮਲਾਤ ਜ਼ਮੀਨ ਵਿੱਚ ਖੜ੍ਹੇ 1,279 ਦਰੱਖਤਾਂ ਦੀ ਵਣ ਵਿਭਾਗ ਤੋਂ ਅਸੈਸਮੈਂਟ ਕਰਵਾ ਕੇ 18 ਲੱਖ ਰੁਪਏ ਵਿੱਚ ਬੋਲੀ ਕਰਵਾਈ ਸੀ, ਪਰ ਬੋਲੀ ਲੈਣ ਵਾਲਾ ਠੇਕੇਦਾਰ ਘਾਟਾ ਪੈਂਦਾ ਦੇਖ ਦਰੱਖਤਾਂ ਦੀ ਕਟਾਈ ਤੋਂ ਹੱਥ ਖੜ੍ਹੇ ਕਰ ਗਿਆ ਸੀ, ਜਿਸ ਉਪਰੰਤ ਪੰਚਾਇਤ ਵੱਲੋਂ ਨਵੇਂ ਸਿਰਿਉਂ 11 ਲੱਖ ਰੁਪਏ ਵਿੱਚ ਬੋਲੀ ਕਰਵਾਈ ਗਈ। ਇਸੇ ਦੌਰਾਨ ਸਾਬਕਾ ਸਰਪੰਚ ਮਲਕੀਤ ਸਿੰਘ ਨੇ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ ਕਿ ਸ਼ਾਮਲਾਤ ਜ਼ਮੀਨ ਵਿੱਚੋਂ ਲੱਕੜ ਦੀ ਕਟਾਈ ਦੌਰਾਨ ਨੇਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਉਪਰੰਤ ਵਿਭਾਗ ਵੱਲੋਂ ਲੱਕੜ ਦੀ ਕਟਾਈ ਦਾ ਕੰਮ ਰੁਕਵਾ ਦਿੱਤਾ ਗਿਆ ਤੇ ਕੱਟੀ ਜਾ ਚੁੱਕੀ ਕੁੱਝ ਲੱਕੜ ਮੌਕੇ ’ਤੇ ਹੀ ਪਈ ਰਹੀ। ਇਸ ਲੱਕੜ ਨੂੰ ਲੈ ਕੇ ਸ਼ਿਕਾਇਤਕਰਤਾ ਵੱਲੋਂ ਲੱਗਭਗ ਇੱਕ ਸਾਲ ਤੋਂ ਕੀਤੇ ਜਾ ਰਹੇ ਚਿੱਠੀ ਪੱਤਰ ਤਹਿਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਨੇ ਬੀ.ਡੀ.ਪੀ.ਓ. ਰੂਪਨਗਰ ਨੂੰ ਲੱਕੜ ਦੀ ਸੰਭਾਲ ਲਈ ਹਦਾਇਤ ਕੀਤੀ ਤੇ ਬੀ.ਡੀ.ਪੀ.ਓ. ਇਸ਼ਾਨ ਚੌਧਰੀ ਵੱਲੋਂ ਪੰਚਾਇਤ ਅਫਸਰ ਸਵਰਨ ਸਿੰਘ , ਪਟਵਾਰੀ ਸੁਰਿੰਦਰ ਸਿੰਘ ਤੇ ਹੋਰ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਗਈ। ਪੰਚਾਇਤ ਅਫਸਰ ਸਵਰਨ ਸਿੰਘ ਬੀਤੇ ਦਿਨ ਲੱਕੜ ਨੂੰ ਟਰਾਲੀ ਵਿੱਚ ਲੱਦਵਾ ਕੇ ਪੁਲੀਸ ਚੌਕੀ ਪੁਰਖਾਲੀ ਪੁੱਜੇ, ਜਿੱਥੇ ਚੌਕੀ ਇੰਚਾਰਜ ਵੱਲੋਂ ਬਿਨਾਂ ਮੁਕੱਦਮਾ ਲੱਕੜ ਦੀ ਸਪੁਰਦਗੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਫਿਰ ਉਨ੍ਹਾਂ ਸਰਪੰਚ ਕੁਲਵੰਤ ਕੌਰ ਅਤੇ ਹੋਰ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ, ਪਰ ਲੱਕੜ ਦੀ ਸਪੁਰਦਦਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ ਹੋਇਆ, ਜਿਸ ਉਪਰੰਤ ਉਹ ਲੱਕੜ ਦੀ ਟਰਾਲੀ ਨੂੰ ਬੀ.ਡੀ.ਪੀ.ਓ. ਦਫਤਰ ਰੂਪਨਗਰ ਲੈ ਗਏ। ਦੂਜੇ ਪਾਸੇ ਇਸ ਸਬੰਧੀ ਡੀਡੀਪੀਓ ਰੂਪਨਗਰ ਅਮਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਲੱਕੜ ਦੀ ਸੰਭਾਲ ਲਈ ਸਬੰਧਤ ਗਰਾਮ ਪੰਚਾਇਤ ਦੀ ਡਿਊਟੀ ਲਾਈ ਜਾਵੇਗੀ।