ਪੱਤਰ ਪ੍ਰੇਰਕ
ਰੂਪਨਗਰ, 12 ਜੂਨ
ਰੂਪਨਗਰ ਸ਼ਹਿਰ ਨਾਲ ਸਬੰਧਤ 7 ਸਾਲ 10 ਮਹੀਨੇ ਦੀ ਲੜਕੀ ਸਾਨਵੀ ਸੂਦ ਆਪਣੇ ਪਿਤਾ ਦੀਪਕ ਸੂਦ ਨਾਲ ਮਿਲ ਕੇ 65 ਕਿਲੋਮੀਟਰ ਪਹਾੜੀ ਰਸਤਿਆਂ ਤੇ ਚਲਦੀ ਹੋਈ 9 ਦਿਨਾਂ ਵਿੱਚ 5364 ਮੀਟਰ ਦੀ ਉੂਚਾਈ ਤੱਕ ਪੁੱਜਣ ਵਿੱਚ ਕਾਮਯਾਬ ਹੋਈ ਹੈ। ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦੀ ਦੂਜੀ ਜਮਾਤ ਦੀ ਵਿਦਿਆਰਥਣ ਸਾਨਵੀ ਦੇ ਇਸ ਸਾਹਸ ਭਰੇ ਕਾਰਨਾਮੇ ਦੀ ਹਰ ਪਾਸਿਉਂ ਪ੍ਰਸੰਸਾ ਹੋ ਰਹੀ ਹੈ। ਅੱਜ ਇੱਥੇ ਰੂਪਨਗਰ ਦੇ ਵੱਖ ਵੱਖ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਥੇੇ ਸਮਾਗਮ ਕਰਵਾ ਕੇ ਬੱਚੀ ਅਤੇ ਉਸ ਦੇ ਪਿਤਾ ਨੂੰ ਸਨਮਾਨਿਤ ਕੀਤਾ ਗਿਆ। ਦੀਪਕ ਸੂਦ ਨੇ ਦੱਸਿਆ ਕਿ ਇੰਨੀ ਘੱਟ ਉਮਰ ਵਿੱਚ ਮਾਊਂਟ ਐਵਰੇਸਟ ਪਰਬਤ ਦੇ ਬੇਸ ਕੈਂਪ ਤੱਕ ਪੁੱਜਣ ਵਾਲੀ ਸਾਨਵੀ ਦੇਸ਼ ਦੀ ਪਹਿਲੀ ਲੜਕੀ ਹੈ। ਦੀਪਕ ਸੂਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ 1 ਜੂਨ ਨੂੰ ਟ੍ਰੈਕਿੰਗ ਸ਼ੁਰੂ ਕੀਤੀ ਸੀ ਤੇ 9 ਜੂਨ ਉਹ ਬੇਸ ਕੈਂਪ ਤੱਕ ਪੁੱਜਣ ਵਿੱਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕਈ ਵਾਰ ਤੇਜ਼ ਬਾਰਸ਼ ਵੀ ਆ ਜਾਂਦੀ ਸੀ, ਪਰ ਇਸ ਦੇ ਬਾਵਜੂਦ ਨਿੱਕੀ ਬੱਚੀ ਨੇ ਹੌਸਲਾ ਨਹੀਂ ਹਾਰਿਆ।