ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 13 ਸਤੰਬਰ
ਇਥੋਂ ਦੇ ਜਾਂਗਪੁਰ ਬੱਸ ਅੱਡੇ ਤੋਂ ਦੋ ਦਿਨ ਪਹਿਲਾਂ ਕਾਰ ਵਿੱਚ ਅਗਵਾ ਕੀਤੀ ਗਈ 30 ਸਾਲਾ ਔਰਤ ਨੂੰ ਦਾਖਾ ਪੁਲੀਸ ਨੇ ਰਾਏਕੋਟ ਰੋਡ ਅਨਾਜ ਮੰਡੀ ਮੁੱਲਾਂਪੁਰ ਤੋਂ ਬਰਾਮਦ ਕਰ ਲਿਆ ਹੈ। ਪੁਲੀਸ ਨੇ ਦੋ ਔਰਤਾਂ ਸਮੇਤ ਅੱਧੀ ਦਰਜਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ ਨੇ ਕੀਤੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ 18 ਜੁਲਾਈ ਨੂੰ ਹਰਿਆਣਾ ਦੇ ਪਾਣੀਪਤ ਲਾਗੇ ਪਿੰਡ ਰਜਾਪੁਰ ਦਾ ਗੁਰਮੁਖ ਸਿੰਘ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਸੀ ਕਿ ਉਹ ਉਸ ਨੂੰ ਲੰਗਰ ਦੀ ਸੇਵਾ ਵਿਚ ਰੁਜ਼ਗਾਰ ਦਿਵਾਏਗਾ। ਉਨ੍ਹਾਂ ਮੁੱਲਾਂਪੁਰ ਦੀ ਰਹਿਣ ਵਾਲੀ ਉਸ ਦੀ ਮੂੰਹ ਬੋਲੀ ਭੈਣ ਨੂੰ ਕੁਝ ਪੈਸੇ ਦਿੱਤੇ ਤੇ ਉਸ ਨੂੰ ਹਰਿਆਣਾ ਲੈ ਗਏ ਪਰ ਘਰ ਜਾ ਕੇ ਉਨ੍ਹਾਂ ਜੈ-ਮਾਲਾ ਪਾ ਕੇ ਫ਼ੋਟੋਆਂ ਖਿੱਚ ਲਈਆਂ ਅਤੇ ਆਂਢ-ਗੁਆਂਢ ਵਿਚ ਕਹਿ ਦਿੱਤਾ ਕਿ ਪੰਜਾਬ ਤੋਂ ਕੁੜੀ ਵਿਆਹ ਕੇ ਲਿਆਂਦੀ ਗਈ ਹੈ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਘਰ ਵਿਚ ਕੈਦ ਕਰ ਲਿਆ ਗਿਆ। ਪੀੜਤ ਨੇ ਦੱਸਿਆ ਕਿ ਇਕ ਮਹੀਨੇ ਤੋਂ ਵੀ ਵੱਧ ਕੈਦ ਰਹਿਣ ਬਾਅਦ ਉਹ ਭੱਜ ਕੇ ਪੰਜਾਬ ਪੁੱਜੀ। ਇਸ ਤੋਂ ਬਾਅਦ ਹਰਿਆਣੇ ਵਾਲੇ ਬੰਦੇ ਮੁੜ ਇਥੇ ਆਏ ਤੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਦੀ ਮਾਂ ਕੋਲੋਂ ਰਿਹਾਈ ਬਦਲੇ ਇਕ ਲੱਖ ਰੁਪਏ ਦੀ ਮੰਗ ਕੀਤੀ।
ਦੂਜੇ ਪਾਸੇ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਹਰਿਆਣਾ ਦੇ ਰਜਾਪੁਰ ਵਾਸੀ ਗੁਰਮੁਖ ਸਿੰਘ ਨੇ ਹੋਰ ਕਹਾਣੀ ਬਿਆਨ ਕੀਤੀ ਹੈ। ਪੁਲੀਸ ਨੇ ਸਤੀਸ਼ ਕੁਮਾਰ ਵਾਸੀ ਮਲਿਕਪੁਰ (ਹਰਿਆਣਾ), ਬਲਵੰਤ ਸਿੰਘ ਵਾਸੀ ਨਰਵਾਣਾ, ਸ਼ੁਕਰ ਦੀਨ ਵਾਸੀ ਮਲਿਕਪੁਰ, ਜਸਵੀਰ ਕੌਰ ਵਾਸੀ ਗਿੱਲ (ਲੁਧਿਆਣਾ) ਤੇ ਗੁਰਦੇਵ ਕੌਰ ਵਾਸੀ ਮੁੱਲਾਂਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।