ਗਗਨ ਅਰੋੜਾ
ਲੁਧਿਆਣਾ, 2 ਜੂਨ
ਜੰਮੂ-ਤਵੀ ਤੋਂ ਭਾਗਲਪੁਰ ਜਾ ਰਹੀ ਅਮਰਨਾਥ ਸਪੈਸ਼ਲ ਰੇਲ ਗੱਡੀ ’ਚ ਸਫ਼ਰ ਕਰ ਰਹੀ ਗਰਭਵਤੀ ਔਰਤ ਨੂੰ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ, ਜਿਸ ਕਾਰਨ ਉਸ ਨੇ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਬੱਚੀ ਨੂੰ ਜਨਮ ਦਿੱਤਾ। ਬਾਅਦ ਵਿੱਚ ਜੱਚਾ-ਬੱਚਾ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੋਵੇਂ ਤੰਦਰੁਸਤ ਹਨ।
ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਅੱਜ ਜੰਮੂ-ਤਵੀ ਤੋਂ ਚੱਲ ਕੇ ਗੱਡੀ ਨੰਬਰ 05098 (ਜੰਮੂ-ਤਵੀ-ਭਾਗਲਪੁਰ ਅਮਰਨਾਥ ਸਪੈਸ਼ਲ) ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ-1 ’ਤੇ ਪੁੱਜੀ। ਸੁਰੱਖਿਆ ਮੁਹਿੰਮ ਅਧੀਨ ਵਿਸ਼ੇਸ਼ ਟੀਮ ਸਖੀ ’ਚ ਤੈਨਾਤ ਸਬ-ਇੰਸਪੈਕਟਰ ਰੀਤਾ ਰੇਵੀ ਔਰਤ ਕਾਂਸਟੇਬਲ ਡੌਲੀ ਯਾਦਵ ਅਤੇ ਪ੍ਰਿਆ ਨਾਲ ਗੱਡੀ ਦੀ ਜਾਂਚ ਕਰ ਰਹੀ ਸੀ। ਜਾਂਚ ਦੌਰਾਨ ਕੋਚ ਨੰਬਰ ਐੱਸ-2 ਵਿੱਚ ਇੱਕ ਗਰਭਵਤੀ ਔਰਤ ਹਵੰਤੀ ਦੇਬੀ ਦੀ ਹਾਲਤ ਅਚਾਨਕ ਵਿਗੜਨ ਬਾਰੇ ਪਤਾ ਲੱਗਿਆ। ਇਹ ਔਰਤ ਗੱਡੀ ਵਿੱਚ ਇਕੱਲੀ ਸਫ਼ਰ ਕਰ ਰਹੀ ਸੀ। ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੱਡੀ ’ਚੋਂ ਉਤਾਰਿਆ ਗਿਆ ਅਤੇ ਐਂਬੂਲੈਂਸ ਬੁਲਾਈ ਗਈ ਪਰ ਇਸ ਦੌਰਾਨ ਔਰਤ ਦੀ ਹਾਲਤ ਜ਼ਿਆਦਾ ਵਿਗੜ ਗਈ। ਸਖੀ ਟੀਮ ਦੀਆਂ ਮੈਂਬਰਾਂ ਨੇ ਔਰਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਲੇਟਫਾਰਮ ’ਤੇ ਹੀ ਉਸ ਦਾ ਜਣੇਪਾ ਕਰਵਾਇਆ। ਔਰਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ। ਸਮੇਂ ਸਿਰ ਐਂਬੂਲੈਂਸ ਨਾ ਪੁੱਜਣ ਕਾਰਨ ਟੀਮ ਨੇ ਜੱਚਾ-ਬੱਚਾ ਨੂੰ ਆਟੋ ਰਾਹੀਂ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਟੀਮ ਵੱਲੋਂ ਔਰਤ ਦੇ ਪਤੀ ਨੂੰ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ ਹੈ।