ਜੋਗਿੰਦਰ ਸਿੰਘ ਮਾਨ
ਮਾਨਸਾ, 21 ਨਵੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਤੋਂ ਰੁਜ਼ਗਾਰ ਦੀ ਭਾਲ ’ਚ ਕੈਨੇਡਾ ਗਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪਿੰਡ ਦੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਵੇਚ ਕੇ ਆਪਣੇ ਪੁੱਤਰ ਜਸਕਰਨ ਸਿੰਘ (22) ਦਾ ਭਵਿੱਖ ਬਣਾਉਣ ਲਈ ਦੋ ਸਾਲ ਪਹਿਲਾਂ ਉਸ ਨੂੰ ਕੈਨੇਡਾ ਭੇਜਿਆ ਸੀ। ਜਸਕਰਨ ਸਿੰਘ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ। ਉਸ ਦਾ ਪੁੱਤਰ ਆਪਣੇ ਸਾਥੀਆਂ ਕੋਲੋਂ ਵਾਪਸ ਆ ਕੇ ਚਾਹ ਪੀਣ ਜਾ ਰਿਹਾ ਸੀ ਤਾਂ ਨੇੜਲੇ ਪਿੰਡ ਮੰਢਾਲੀ ਦੇ ਰਹਿਣ ਵਾਲੇ ਉਸ ਦੇ ਸਾਥੀ ’ਤੇ ਜਾਨਲੇਵਾ ਹਮਲਾ ਹੋ ਗਿਆ। ਸਾਥੀ ਨੂੰ ਬਚਾਉਂਦੇ ਸਮੇਂ ਜਸਕਰਨ ਹਮਲਾਵਰਾਂ ਦੇ ਤੇਜ਼ਧਾਰ ਹਥਿਆਰਾਂ ਦਾ ਸ਼ਿਕਾਰ ਹੋ ਗਿਆ। ਬਲਕਾਰ ਸਿੰਘ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਤੇ ਸਾਥੀਆਂ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇ। ਉਨ੍ਹਾਂ ਜਸਕਰਨ ਸਿੰਘ ਦੀ ਲਾਸ਼ ਕੈਨੇਡਾ ਤੋਂ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ।