ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 16 ਅਗਸਤ
ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਤਹਿਤ ਇੱਥੋਂ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਿੰਡ ਚੂਹੜ ਮਾਜਰਾ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਦੌਰਾਨ ਵਿਧਾਇਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਕਲੀਨਿਕ ਪਿੰਡਾਂ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਅਤੇ 41 ਤਰ੍ਹਾਂ ਦੇ ਟੈਸਟ ਵੀ ਮੁਫਤ ਵਿੱਚ ਕੀਤੇ ਜਾਣਗੇ।
ਖਰੜ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਜੰਡਪੁਰ ਵਿੱਚ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਉਥੇ ਆਪਣੇ ਇਲਾਜ ਲਈ ਆਈ ਆਮ ਔਰਤ ਨਰਿੰਦਰ ਕੌਰ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਐੱਸ.ਡੀ.ਐੱਮ ਰਵਿੰਦਰ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੈਕਟਰ-4 ਅਧੀਨ ਪੈਂਦੇ ਪਿੰਡ ਮੀਰਪੁਰ ਵਿੱਚ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਦਿਆਂ ਹਲਕੇ ਵਿੱਚ ਪੈਂਦੇ ਅੱਠ ਮੁੱਹਲਾ ਕਲੀਨਿਕ ਵਿੱਚ ਸੇਵਾਵਾਂ ਸ਼ੁਰੂ ਕਰਵਾਈਆਂ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਕੀਤਾ ਇਕ ਹੋਰ ਵਾਅਦਾ ਅੱਜ ਪੁਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸਰਕਾਰ ਬਣਨ ਦੇ ਪੰਜ ਮਹੀਨੇ ‘ਚ ਪੂਰੇ ਕੀਤੇ ਗਏ ਹੋਣ। ਜਦਕਿ ਇਹ ਕੰਮ ਆਮ ਤੌਰ ‘ਤੇ ਸਰਕਾਰਾਂ ਆਖਰੀ ਛੇ ਮਹੀਨਿਆਂ ‘ਚ ਪੂਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਲੜੀ ਤਹਿਤ ਸਰਕਾਰ ਵੱਲੋ ਸੂਬੇ ‘ਚ 75 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ‘ਚ ਹੋਰ ਵਧਾਈ ਜਾਵੇਗੀ।