ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਅੱਜ ਮਾਨਸਾ ਵਿਖੇ ਖੋਲ੍ਹੇਏ ਜ਼ਿਲ੍ਹਾ ਪੱਧਰੀ ਪਾਰਟੀ ਦਫ਼ਤਰ ਦੇ ਉਦਘਾਟਨ ਵਿੱਚ ਬਰਖ਼ਾਸਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ ਅਤੇ ਉਹ ਇਸ ਮੌਕੇ ਵਿਖਾਈ ਵੀ ਨਹੀਂ ਦਿੱਤੇ। ਦਫਤਰ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕੀਤਾ ਗਿਆ। ਕਚਹਿਰੀ ਰੋਡ ’ਤੇ ਸਥਾਪਤ ਦਫਤਰ ਦੇ ਉਦਘਾਟਨ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ, ਜ਼ਿਲ੍ਹਾ ਅਤੇ ਤਹਿਸੀਲ ਪ੍ਰਧਾਨ ਤੋਂ ਇਲਾਵਾ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਵਿਧਾਇਕ ਵੀ ਪਹੁੰਚੇ ਹੋਏ ਸਨ ਪਰ ਸਿੰਗਲਾ ਦਾ ਕਿਤੇ ਵੀ ਨਾਂ ਨਹੀਂ। ਪਾਰਟੀ ਵੱਲੋਂ ਜਾਰੀ ਕੀਤੇ ਸੱਦਾ ਪੱਤਰਾਂ, ਸ਼ੋਸ਼ਲ ਮੀਡੀਆ ਸੁਨੇਹਿਆ ਵਿੱਚ ਡਾ. ਵਿਜੈ ਸਿੰਗਲਾ ਦਾ ਕੋਈ ਵੀ ਜ਼ਿਕਰ ਤੱਕ ਨਹੀ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਰਦੂਗਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਮਹਿਲਾ ਵਿੰਗ ਦੀ ਪ੍ਰਧਾਨ, ਲੋਕ ਸਭਾ ਪਾਰਟੀ ਇੰਚਾਰਜ ਤੋਂ ਇਲਾਵਾ ਸਥਾਨਕ ਨੇਤਾਵਾਂ ਦਾ ਨਾਮ ਸ਼ਾਮਲ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਤੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪਾਰਟੀ ਦੇ ਅੱਜ ਹੋਏ ਦਫਤਰ ਦੇ ਉਦਘਾਟਨ ਮੌਕੇ ਡਾ. ਵਿਜੈ ਸਿੰਗਲਾ ਨੂੰ ਬੁਲਾਵਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋ ਸੁਨੇਹਾ ਲਿਖਤੀ ਰੂਪ ਵਿੱਚ ਉੱਪਰੋਂ ਆਇਆ ਹੈ, ਉਸੇ ਸੁਨੇਹੇ ਨੂੰ ਪਤਵੰਤਿਆਂ ਦੇ ਨਾਮ ਸਮੇਤ ਸ਼ੋਸ਼ਲ ਮੀਡੀਆ, ਮੀਡੀਆ ਅਤੇ ਪਾਰਟੀ ਵਰਕਰਾਂ ਨੂੰ ਭੇਜਿਆ ਗਿਆ ਹੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬੱਚਤ ਭਵਨ ਵਿਖੇ ਮੀਟਿੰਗ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਬਲਦੀਪ ਕੌਰ, ਐੱਸਐੱਸਪੀ ਗੌਰਵ ਤੂਰਾ ਸਮੇਤ ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਵਿਧਾਇਕ ਬੁੱਧ ਰਾਮ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਹੋਰ ਪੂਰੇ ਜ਼ਿਲ੍ਹੇ ਦੀ ਲੀਡਰਸ਼ਿਪ ਮੌਜੂਦ ਸੀ ਪਰ ਇਥੇ ਵੀ ਸਿੰਗਲਾ ਕਿਧਰੇ ਵਿਖਾਈ ਨਹੀਂ ਦਿੱਤੇ।