ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਕੱਟਣ ਲਈ ਨਿਯਮਾਂ ਵਿੱਚ ਸੋਧ ਕਰਕੇ ਨਵੀਂ ਸਿਆਸੀ ਪਾਰਟੀ ਰਜਿਸਟਰਡ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੇ 14 ਜਨਵਰੀ ਨੂੰ ਇੱਕ ਸਰਕੁਲਰ ਜਾਰੀ ਕਰਕੇ ਸਿਆਸੀ ਪਾਰਟੀ ਰਜਿਸਟਰ ਕਰਨ ਲਈ ਇਤਰਾਜ਼ ਦੀ ਮਿਆਦ 30 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਮਗਰੋਂ ਕੋਈ ਵੀ ਨਵੀਂ ਪਾਰਟੀ ਸਿਆਸੀ ਪਾਰਟੀ ਵਜੋਂ ਰਜਿਸਟਰਡ ਨਹੀਂ ਹੁੰਦੀ। ਅਕਾਲੀ ਦਲ, ਕਾਂਗਰਸ, ਭਾਜਪਾ ਤੇ ਕੈਪਟਨ ਅਮਰਿੰਦਰ ਨੇ ਪੰਜਾਬ ਵਿੱਚ ‘ਆਪ’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸਮਰੱਥ ਰਹਿਣ ’ਤੇ ਸਾਰੇ ਮਿਲ ਕੇ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਇਹ ਲੋਕ ਕਦੇ ਨਹੀਂ ਚਾਹੁਣਗੇ ਕਿ ਪੰਜਾਬ ਸਮੇਤ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੇ। ਚੋਣ ਕਮਿਸ਼ਨ ਅਤੇ ਭਾਜਪਾ ਸਿਆਸੀ ਪਾਰਟੀ ਨੂੰ ਰਜਿਸਟਰ ਕਰਵਾ ਕੇ ਕਿਸ ਦੀ ਵੋਟ ਕੱਟਣਾ ਚਾਹੁੰਦੇ ਹਨ। ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ਕਿ ਭਾਰਤੀ ਚੋਣ ਕਮਿਸ਼ਨ ਆਪਣੇ ਕਾਨੂੰਨਾਂ ਵਿੱਚ ਸੋਧ ਕਰਕੇ ਇੱਕ ਸਿਆਸੀ ਪਾਰਟੀ ਵਿੱਚ ਇੱਕ ਨਵਾਂ ਗਰੁੱਪ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਚੋਣ ਜ਼ਾਬਤਾ ਲੱਗਣ ਮਗਰੋਂ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।