ਚਰਨਜੀਤ ਭੁੱਲਰ
ਚੰਡੀਗੜ੍ਹ, 15 ਅਪਰੈਲ
ਪੰਜਾਬ ਦੀ ਆਮ ਆਦਮੀ ਪਾਰਟ (ਆਪ) ਦੀ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਲਈ ‘ਤਿੰਨ ਨੁਕਾਤੀ ਫ਼ਾਰਮੂਲਾ’ ਤਿਆਰ ਕਰ ਲਿਆ ਹੈ ਜਿਸ ਦਾ ਰਸਮੀ ਐਲਾਨ ਭਲਕੇ 16 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਹਨ। ਪੰਜਾਬ ਸਰਕਾਰ ਨੇ ਇਸ ਯੋਜਨਾ ਲਈ ਗਿਣਤੀ-ਮਿਣਤੀ ਮੁਕੰਮਲ ਕਰ ਲਈ ਹੈ ਤੇ ਇਹ ਸਹੂਲਤ ਪਹਿਲੀ ਜੁਲਾਈ ਤੋਂ ਮਿਲੇਗੀ। ਜ਼ਿਕਰਯੋਗ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 29 ਜੂਨ 2021 ਨੂੰ ਪੰਜਾਬ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ 300 ਯੂਨਿਟ ਮੁਫ਼ਤ ਬਿਜਲੀ ਦਾ ਪਹਿਲਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੀ ਬੀਤੇ ਦਿਨ ਜਲੰਧਰ ਵਿਚ ਕਿਹਾ ਸੀ ਕਿ ਉਹ 16 ਅਪਰੈਲ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੀ ਖ਼ੁਸ਼ਖ਼ਬਰੀ ਦੇਣਗੇ।
‘ਆਪ’ ਸਰਕਾਰ ਨੇ 16 ਅਪਰੈਲ ਨੂੰ ਆਪਣਾ ਪਹਿਲਾ ਮਹੀਨਾ ਮੁਕੰਮਲ ਕਰਨ ਲੈਣਾ ਹੈ ਅਤੇ ਇਸ ਮੌਕੇ ਮੁੱਖ ਮੰਤਰੀ ‘ਆਪ’ ਦਾ ਪਹਿਲਾ ਵਾਅਦਾ ਪੂਰਾ ਕਰਨ ਦਾ ਐਲਾਨ ਕਰਨਗੇ। ਪੰਜਾਬ ਦੇ ਲੋਕਾਂ ’ਚ ਇਹ ਭੰਬਲਭੂਸਾ ਬਣਿਆ ਹੋਇਆ ਹੈ ਕਿ 300 ਯੂਨਿਟ ਬਿਜਲੀ ਮੁਆਫ਼ ਦਾ ਆਧਾਰ ਕੀ ਹੋਵੇਗਾ। ਦਿੱਲੀ ਤਰਜ਼ ’ਤੇ 300 ਯੂਨਿਟ ਤੱਕ ਬਿਜਲੀ ਮੁਆਫ਼ੀ ਹੋਵੇਗੀ ਜਾਂ ਫਿਰ ਸਭ ਖਪਤਕਾਰਾਂ ਨੂੰ ਇਸ ਦਾ ਫ਼ਾਇਦਾ ਦਿੱਤਾ ਜਾਵੇਗਾ। ਪੰਜਾਬੀ ਟ੍ਰਿਬਿਊਨ ਵੱਲੋਂ ਕੀਤੀ ਪੜਤਾਲ ਅਨੁਸਾਰ ਪੰਜਾਬ ਸਰਕਾਰ ਨੇ ਜੋ ਤਿੰਨ ਨੁਕਤੇ ਤਿਆਰ ਕੀਤੇ ਹਨ ਉਨ੍ਹਾਂ ਅਨੁਸਾਰ ਪਹਿਲਾ ਨੁਕਤਾ ਇਹ ਹੈ ਕਿ ‘ਆਪ’ ਸਰਕਾਰ ਸਾਰੇ ਖਪਤਕਾਰਾਂ ਦੇ 300 ਯੂਨਿਟ ਬਿਜਲੀ ਮੁਆਫ਼ ਕਰ ਸਕਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਕਰੀਬ 73 ਲੱਖ ਘਰੇਲੂ ਖਪਤਕਾਰ ਹਨ ਅਤੇ ਜੇਕਰ ਇਨ੍ਹਾਂ ਸਾਰਿਆਂ ਨੂੰ 300 ਯੂਨਿਟ ਬਿਜਲੀ ਮੁਆਫ਼ੀ ਦਿੱਤੀ ਜਾਂਦੀ ਹੈ ਤਾਂ ਸਰਕਾਰੀ ਖ਼ਜ਼ਾਨੇ ’ਤੇ ਕਰੀਬ 7500 ਕਰੋੜ ਦੀ ਬਿਜਲੀ ਸਬਸਿਡੀ ਦਾ ਬੋਝ ਪਵੇਗਾ। ਦੂਜੇ ਨੁਕਤੇ ਅਨੁਸਾਰ ਸਿਰਫ਼ ਉਨ੍ਹਾਂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਜਿਨ੍ਹਾਂ ਦੀ ਖਪਤ 300 ਯੂਨਿਟ ਰਹਿੰਦੀ ਹੈ। ਇਸ ਤਹਿਤ ਲਾਭ ਲੈਣ ਵਾਲੇ ਖਪਤਕਾਰਾਂ ਦੀ ਗਿਣਤੀ ਕਰੀਬ 61.55 ਲੱਖ ਬਣਦੀ ਹੈ ਤੇ 11.45 ਲੱਖ ਘਰੇਲੂ ਖਪਤਕਾਰ ਸਕੀਮ ’ਚੋਂ ਬਾਹਰ ਹੋ ਜਾਣਗੇ। ਤੀਜੇ ਨੁਕਤੇ ਅਨੁਸਾਰ 300 ਯੂਨਿਟ ਬਿਜਲੀ ਮੁਆਫ਼ੀ ਲਈ ਬਿਜਲੀ ਦੇ ਲੋਡ ਦੀ ਸ਼ਰਤ ਰੱਖੀ ਜਾ ਸਕਦੀ ਹੈ।
300 ਯੂਨਿਟ ਤੋਂ ਵੱਧ ਵਾਲੇ ਖਪਤਕਾਰਾਂ ਨੂੰ ਨਹੀਂ ਮਿਲ ਸਕਦੀ ਰਾਹਤ
‘ਆਪ’ ਸਰਕਾਰ ਨੇ 300 ਯੂਨਿਟ ਤੋਂ ਵੱਧ ਬਿਜਲੀ ਖਪਤ ਵਾਲੇ ਖਪਤਕਾਰਾਂ ਨੂੰ ਮੁਆਫ਼ੀ ਦੇ ਘੇਰੇ ’ਚੋਂ ਬਾਹਰ ਰੱਖਿਆ ਤਾਂ ਸਰਕਾਰ ’ਤੇ ਕਰੀਬ ਦੋ ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬੋਝ ਘੱਟ ਪੈਣਾ ਹੈ। ‘ਆਪ’ ਸਰਕਾਰ ਨੇ ਉੱਚ ਅਧਿਕਾਰੀਆਂ ਨੇ ਭਲਕੇ ਹੋਣ ਵਾਲੇ ਸੰਭਾਵੀ ਐਲਾਨ ਲਈ ਅੱਜ ਪੂਰੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਭਲਕੇ ਟਰਾਂਸਕੋ ਦੇ ਇੱਥੇ ਹੋਣ ਵਾਲੇ ਇੱਕ ਸਮਾਗਮ ਵਿਚ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ। ਪਿਛਲੀ ਸਰਕਾਰ ਵੱਲੋਂ ਪਹਿਲਾਂ ਹੀ ਕਰੀਬ 22 ਲੱਖ ਐੱਸਸੀ ਖਪਤਕਾਰਾਂ ਨੂੰ 200 ਯੂਨਿਟ ਬਿਜਲੀ ਮੁਆਫ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ 7 ਕਿੱਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਤਿੰਨ ਰੁਪਏ ਬਿਜਲੀ ਸਸਤੀ ਦਿੱਤੀ ਜਾ ਰਹੀ ਹੈ।