ਜਗਮੋਹਨ ਸਿੰਘ
ਰੂਪਨਗਰ, 12 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ‘ਆਪ ਸਰਕਾਰ’ ਵੱਲੋਂ ਕਾਂਗਰਸ ਦੁਆਰਾ ਰੇਤੇ ਦਾ ਤੈਅ ਕੀਤਾ ਗਿਆ ਰੇਟ 5 ਰੁਪਏ ਤੋਂ ਵਧਾ ਕੇ 9 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ 20 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਪੂਰਾ ਕਰਨ ਲਈ ਪੰਜਾਬ ਦੇ ਗਰੀਬ ਲੋਕਾਂ ’ਤੇ ਭਾਰ ਪਾ ਰਹੀ ਹੈ। ‘ਆਪ’ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਮੋਰਚੇ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਉਸ ਵੱਲੋਂ ਦਿੱਤੀਆਂ ਗਾਰੰਟੀਆਂ ਪੂਰੀਆਂ ਨਾ ਹੋਣ ਕਾਰਨ ‘ਆਪ’ ਆਗੂ ਚੁਫੇਰਿਉਂ ਘਿਰਦੇ ਹੋਏ ਨਜ਼ਰ ਆ ਰਹੇ ਹਨ। ਆਜ਼ਾਦੀ ਦੀ 75ਵੀਂ ਵਰੇਗੰਢ ਦੇ ਸਬੰਧ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਮੌਕੇ ਉਨ੍ਹਾਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਆਜ਼ਾਦੀ ਦਿਵਸ ਮੌਕੇ ਕੇਸਰੀ ਝੰਡਾ ਲਹਿਰਾਉਣ ਬਾਰੇ ਦਿੱਤੇ ਗਏ ਬਿਆਨ ਸਬੰਧੀ ਕਿਹਾ ਕਿ ਉਹ ਜਾਣ-ਬੁੱਝ ਕੇ ਤਿਰੰਗਾ ਮੁਹਿੰਮ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਤਿਰੰਗਾ ਵੀ ਸਾਡਾ ਹੈ ਅਤੇ ਕੇਸਰੀ ਝੰਡਾ ਵੀ ਸਾਡਾ ਹੀ ਹੈ। ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਤਿਰੰਗੇ ਦੇ ਨਾਮ ’ਤੇ ਬੀਡੀਪੀਓ ਦਫ਼ਤਰਾਂ, ਪੰਚਾਇਤਾਂ ਅਤੇ ਨਗਰ ਕੌਂਸਲਾਂ ਰਾਹੀਂ ਲੋਕਾਂ ਤੋਂ ਜ਼ਬਰਦਸਤੀ ਉਗਰਾਹੀ ਕਰ ਰਹੀ ਹੈ।