ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਜੂਨ
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਦੇ ਫ਼ਰਕ ਨਾਲ ਹਰਾਇਆ। ਚੱਬੇਵਾਲ ਨੂੰ 3,03859 ਅਤੇ ਗੋਮਰ ਨੂੰ 2,59,748 ਵੋਟਾਂ ਪੋਲ ਹੋਈਆਂ। ਭਾਰਤੀ ਜਨਤਾ ਪਾਰਟੀ ਦੀ ਅਨੀਤਾ ਸੋਮ ਪ੍ਰਕਾਸ਼ 1,99,994 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਸਮੇਤ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਡਾ. ਰਾਜ ਨੂੰ 28955 ਤੇ ਗੋਮਰ ਨੂੰ 35258 ਵੋਟਾਂ ਪਈਆਂ। ਭੁਲੱਥ ਤੋਂ ਡਾ. ਰਾਜ ਨੂੰ 23426 ਤੇ ਗੋਮਰ ਨੂੰ 22667, ਫਗਵਾੜਾ ਤੋਂ ਡਾ. ਰਾਜ ਨੂੰ 30349 ਤੇ ਗੋਮਰ ਨੂੰ 29390 ਵੋਟਾਂ ਮਿਲੀਆਂ। ਮੁਕੇਰੀਆਂ ਤੋਂ ਡਾ. ਰਾਜ ਨੂੰ 34226 ਤੇ ਗੋਮਰ ਨੂੰ 29382, ਦਸੂਹਾ ’ਚ ਡਾ. ਰਾਜ ਨੂੰ 35032 ਤੇ ਗੋਮਰ ਨੂੰ 29207, ਉੜਮੁੜ ਤੋਂ ਡਾ. ਰਾਜ ਨੂੰ 33269 ਤੇ ਗੋਮਰ ਨੂੰ 26303, ਸ਼ਾਮਚੁਰਾਸੀ ਤੋਂ ਡਾ. ਰਾਜ ਨੂੰ 34655 ਤੇ ਗੋਮਰ ਨੂੰ 32387, ਹੁਸ਼ਿਆਰਪੁਰ ਤੋਂ ਡਾ. ਰਾਜ ਨੂੰ 36957 ਤੇ ਗੋਮਰ ਨੂੰ 25180 ਅਤੇ ਚੱਬੇਵਾਲ ਹਲਕੇ ਤੋਂ ਡਾ. ਰਾਜ ਨੂੰ 44933 ਤੇ ਗੋਮਰ ਨੂੰ 18162 ਵੋਟਾਂ ਪਈਆਂ। 5552 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਡਾ. ਚੱਬੇਵਾਲ ਨੇ ਪਹਿਲੇ ਗੇੜ ਤੋਂ ਹੀ ਲੀਡ ਲੈਣੀ ਸ਼ੁਰੂ ਕਰ ਦਿੱਤੀ ਸੀ ਜੋ ਅਖੀਰਲੇ ਦੌਰ ਤੱਕ ਜਾਰੀ ਰਹੀ। ਗਿਣਤੀ ਦੌਰਾਨ ‘ਆਪ’ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਸਾਹ ਸੁੱਕੇ ਰਹੇ। ਅਖੀਰਲੇ ਗੇੜਾਂ ਵਿੱਚ ਲੀਡ ਸੰਤੋਸ਼ਜਨਕ ਹੋ ਗਈ ਤਾਂ ‘ਆਪ’ ਉਮੀਦਵਾਰ ਕੇਂਦਰ ’ਚ ਪੁੱਜੇ। ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਚੱਬੇਵਾਲ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਤਾਂ ਗਿਣਤੀ ਕੇਂਦਰ ਆਏ ਹੀ ਨਹੀਂ। ਜੋ ਥੋੜ੍ਹੇ ਬਹੁਤ ਭਾਜਪਾ ਵਾਲੰਟੀਅਰ ਆਏ ਹੋਏ ਸਨ, ਉਹ ਵੀ ਛੇਤੀ ਹੀ ਖਿਸਕਣੇ ਸ਼ੁਰੂ ਹੋ ਗਏ।