ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਲਾਏ ਦੋਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਜੁੰਡਲੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸੇ ਬਣਾ ਰਹੇ ਹਨ। ਪਾਰਟੀ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਸ ਭ੍ਰਿਸ਼ਟ ਗਤੀਵਿਧੀ ਦਾ ਨੋਟਿਸ ਲਵੇ ਅਤੇ ਮਾਮਲੇ ਸਬੰਧੀ ਢੁੱਕਵਾਂ ਕੇਸ ਦਰਜ ਕਰਨ ਦੀ ਹਦਾਇਤ ਕਰੇ। ਇੱਕ ਬਿਆਨ ਵਿੱਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਅਤੇ ਕੇਜਰੀਵਾਲ ਇਨ੍ਹਾਂ ਸੀਨੀਅਰ ਆਗੂਆਂ ਦੇ ਖੁਲਾਸੇ ਨਾਲ ਬੇਨਕਾਬ ਹੋ ਗਏ ਹਨ, ਜਿਨ੍ਹਾਂ ਸਬੂਤ ਦਿੱਤੇ ਹਨ ਕਿ 56 ਹਲਕਿਆਂ ਵਿੱਚ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਉੱਚ ਪੱਧਰੀ ਜਾਂਚ ਹੀ ਇਸ ਘੁਟਾਲੇ ਨੂੰ ਬੇਨਕਾਬ ਕਰ ਸਕਦੀ ਹੈ।