ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
‘ਆਪ’ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਅੱਜ ਖਤਮ ਕਰ ਦਿੱਤੀ ਗਈ ਹੈ। ਇਹ ਆਦੇਸ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਦਿੱਤੇ ਗਏ। ਉਕਤ ਫ਼ੈਸਲਾ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਅਤੇ ਪਾਰਟੀ ਛੱਡ ਕੇ ਜਾਣ ਮਗਰੋਂ ਹੁਣ ਤੱਕ ਪੈਂਡਿੰਗ ਪਏ ਮਾਮਲੇ ’ਤੇ ਕਾਰਵਾਈ ਕਰਦਿਆਂ ਲਿਆ ਗਿਆ ਹੈ। ਬਲਦੇਵ ਸਿੰਘ 2017 ’ਚ ਵਿਧਾਨ ਸਭਾ ਹਲਕਾ ਜੈਤੋਂ ਤੋਂ ‘ਆਪ’ ਦੀ ਟਿਕਟ ਤੋਂ ਜਿੱਤੇ ਸਨ। ਇਸ ਦੌਰਾਨ ਪਾਰਟੀ ਦੇ ਵਿਧਾਇਕ ਵਜੋਂ ਕਈ ਮਹੀਨੇ ਸੇਵਾਵਾਂ ਵੀ ਨਿਭਾਈ। ਮਾਸਟਰ ਬਲਦੇਵ ਸਿੰਘ ਕੁਝ ਹੋਰ ਵਿਧਾਇਕਾਂ ਨਾਲ ਸੁਖਪਾਲ ਖਹਿਰਾ ਦੀ ਪਾਰਟੀ (ਪੰਜਾਬ ਏਕਤਾ ਪਾਰਟੀ) ’ਚ ਸ਼ਾਮਲ ਹੋ ਗਏ ਸਨ ਤੇ ਇਸ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ’ਚ ਫਰੀਦਕੋਟ ਹਲਕੇ ਤੋਂ ਚੋਣ ਲੜੀ ਸੀ, ਜਿੱਥੋਂ ਉਹ ਹਾਰ ਗਏ ਸਨ। ਉਸ ਤੋਂ ਬਾਅਦ ਉਹ ਮੁੜ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।