ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਗਸਤ
ਜਲੰਧਰ ਪੱਛਮੀ ਹਲਕੇ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਕਿਸੇ ਵੱਲੋਂ ਮੋਬਾਈਲ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਦਾ ਜਵਾਬ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਵੀ ਗੈਂਗਸਟਰ ਲਾਰੇਸ਼ ਬਿਸ਼ਨੋਈ ਦੀ ਡੀਪੀ ਲੱਗੇ ਨੰਬਰ ਤੋਂ ਫੋਨ ਆਇਆ ਸੀ ਤੇ ਉਦੋਂ ਵੀ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਬੁਲਾਰੇ ਹਨ ਤੇ ਉਹ ਗੈਂਗਸਟਰਾਂ ਵਿਰੁੱਧ ਅਕਸਰ ਬੋਲਦੇ ਹਨ। ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਉਹ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਲੋਕਾਂ ਦੀ ਸੇਵਾ ਜਾਰੀ ਰੱਖਣਗੇ। ਉਨ੍ਹਾਂ ਇਹ ਸ਼ੱਕ ਵੀ ਪ੍ਰਗਟਾਈ ਕਿ ਇਹ ਕੰਮ ਉਨ੍ਹਾਂ ਦੇ ਕਿਸੇ ਸਿਆਸੀ ਵਿਰੋਧੀ ਦਾ ਵੀ ਹੋ ਸਕਦਾ ਹੈ। ਸ਼ੀਤਲ ਅੰਗੁਰਾਲ ਨੇ ਚਿਤਾਨਵੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਉਹ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ‘ਆਪ’ ਵਿਧਾਇਕ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ’ਚ ਪੁਲੀਸ ਨੇ ਹਾਲੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਜਿਸ ਨੰਬਰ ਤੋਂ ਵਿਧਾਇਕ ਅੰਗੁਰਾਲ ਨੂੰ ਧਮਕੀ ਮਿਲੀ ਹੈ, ਉਸ ਦੀ ਘੋਖ-ਪੜਤਾਲ ਕੀਤੀ ਜਾ ਰਹੀ ਹੈ।