ਪਾਲ ਸਿੰਘ ਨੌਲੀ
ਜਲੰਧਰ, 2 ਜੂਨ
‘ਆਪ’ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਨੇ ਅੱਜ ਆਪਣੀ ਏਕੇ 47 ਵਿੱਚੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਫਾਰਮ ਹਾਊਸ ਪਹੁੰਚੇ। ਇਸ ਤੋਂ ਪਹਿਲਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਹੇਠ ਲੈ ਲਈ ਸੀ।
ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਾਸੀ ਮਹਿਤਪੁਰ ਵਜੋਂ ਹੋਈ ਹੈ, ਜਿਸ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲੀਸ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਟਨਾ ਮੌਕੇ ਪਵਨ ਕੁਮਾਰ ਇਕੱਲਾ ਸੀ ਤੇ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਪਰਿਵਾਰ ਸਣੇ ਬਾਬਾ ਬਾਲਕ ਨਾਥ ਦੇ ਮੰਦਿਰ ਗਏ ਹੋਏ ਸਨ। ਪੁਲੀਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਵਨ ਕੁਮਾਰ ਕਿਸੇ ਗੱਲ ਕਾਰਨ ਪ੍ਰੇਸ਼ਾਨ ਸੀ ਤੇ ਇਸੇ ਕਾਰਨ ਉਹ ਚਾਰ ਦਿਨਾਂ ਤੋਂ ਛੁੱਟੀ ’ਤੇ ਸੀ ਅਤੇ ਅੱਜ ਹੀ ਡਿਊਟੀ ’ਤੇ ਪਰਤਿਆ ਸੀ। ਪੁਲੀਸ ਨੇ ਉਸ ਕਮਰੇ ਨੂੰ ਸੀਲ ਕਰ ਦਿੱਤਾ ਹੈ, ਜਿਥੇ ਪਵਨ ਕੁਮਾਰ ਨੇ ਖ਼ੁਦਕੁਸ਼ੀ ਕੀਤੀ ਸੀ। ਮੌਕੇ ’ਤੇ ਪਹੁੰਚੇ ਪਵਨ ਕੁਮਾਰ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਨੂੰ ਗੋਲੀ ਮਾਰੀ ਗਈ ਹੈ।