ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਮਸਾਂ ਦਸ ਕੁ ਸੀਟਾਂ ਹੀ ਮਿਲਣਗੀਆਂ ਅਤੇ ਕਾਂਗਰਸ ਦੇ ਮੁੱਖ ਮੰਤਰੀ ਦਾ ਤਾਂ ਜਿੱਤਣਾ ਵੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਕਾਲੀ ਦਲ ਦੀ ਜਿੰਦ-ਜਾਨ ਹੈ ਜਦਕਿ ‘ਆਪ’ ਤੇ ਕਾਂਗਰਸ ਦਾ ਪੰਜਾਬ ਨਾਲ ਕੋਈ ਮੋਹ ਨਹੀਂ।
ਇਸ ਮੌਕੇ ਸੁਖਬੀਰ ਨੇ ਤਿੰਨ ਸੀਨੀਅਰ ਆਗੂਆਂ ਮੁਕਤਸਰ ਤੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਮੁਕਤਸਰ ਤੋਂ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਅਤੇ ਕੋਟਕਪੂਰਾ ਤੋਂ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਭਾਈ ਕੁੱਕੂ ਨੇ ਕਿਹਾ ਕਿ ਮਹਾਰਾਸ਼ਟਰ ਤੋਂ ਕਾਂਗਰਸ ਦੇ ਵਿਧਾਇਕ ਤੇ ਮੁਕਤਸਰ ਜ਼ਿਲ੍ਹੇ ਦੇ ਚੋਣ ਇੰਚਾਰਜ ਹਰਸ਼ਵਰਧਨ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਰਹਿਣ ਲਈ ਅਪੀਲ ਕੀਤੀ ਸੀ ਪਰ ਉਨ੍ਹਾਂ ਅਕਾਲੀ ਦਲ ਵਿੱਚ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਈ ਕੁੱਕੂ ਅਕਾਲੀ ਦਲ ਦੀ ਟਿਕਟ ’ਤੇ 1997 ਵਿੱਚ ਵਿਧਾਇਕ ਬਣੇ ਸਨ ਪਰ 2012 ਵਿੱਚ ਟਿਕਟ ਨਾ ਮਿਲਣ ਕਰ ਕੇ ਅਕਾਲੀ ਦਲ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਦੇ ਪੁੱਤਰ ਰਾਹੁਲ ਸਿੱਧੂ 2017 ਵਿੱਚ ਕੋਟਕਪੂਰਾ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਹਾਰ ਗਏ ਸਨ। ਇਸ ਵਾਰ ਉਨ੍ਹਾਂ ਦੇ ਪਰਿਵਾਰ ਦੀ ਟਿਕਟ ਕੱਟ ਦਿੱਤੀ ਗਈ। ਇਸੇ ਤਰ੍ਹਾਂ ਹਨੀ ਫੱਤਣਵਾਲਾ ਦੇ ਦਾਦਾ ਹਰਚੰਦ ਸਿੰਘ ਫੱਤਣਵਾਲਾ ਅਕਾਲੀ ਦਲ ਦੀ ਟਿਕਟ ਤੋਂ ਵਿਧਾਇਕ ਬਣੇ ਸਨ ਪਰ ਮਨਪ੍ਰੀਤ ਬਾਦਲ ਵੱਲੋਂ ਅਕਾਲੀ ਦਲ ਛੱਡ ਕੇ ‘ਪੀਪੀਪੀ’ ਬਣਾਉਣ ਸਮੇਂ ਉਹ ਪੀਪੀਪੀ ਵਿੱਚ ਸ਼ਾਮਲ ਹੋ ਗਏ ਅਤੇ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ। ਹਨੀ ਫੱਤਣਵਾਲਾ, ਜੋ ਮਨਪ੍ਰੀਤ ਸਿੰਘ ਬਾਦਲ ਦੇ ਮਾਮੇ ਦਾ ਪੁੱਤਰ ਹੈ, ਨੇ ਕਿਹਾ ਕਿ ਉਹ ਮਜਬੂਰੀ ਵੱਸ ਕਾਂਗਰਸ ਵਿੱਚ ਗਏ ਸਨ ਤੇ ਹੁਣ ਅਕਾਲੀ ਦਲ ਵਿਚ ਆ ਕੇ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ ਹੈ।