ਰਵਿੰਦਰ ਰਵੀ
ਬਰਨਾਲਾ/ਧਨੌਲਾ, 11 ਨਵੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਧਨੌਲਾ ਦੇ ਵੱਖ-ਵੱਖ ਵਾਰਡਾਂ ’ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਚੰਨੀ ਨੇ ਕਿਹਾ ਕਿ ਬਰਨਾਲਾ ’ਚ ਆਮ ਆਦਮੀ ਪਾਰਟੀ ਦੋਫਾੜ ਹੋ ਚੁੱਕੀ ਹੈ ਅਤੇ ਇਨ੍ਹਾਂ ਜ਼ਿਮਨੀ ਚੋਣਾਂ ’ਚ ਇਸ ਪਾਰਟੀ ਦਾ ਬਿਸਤਰਾ ਗੋਲ ਹੋਣਾ ਤੈਅ ਹੈ।
ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਦੇ ਪ੍ਰੋਗਰਾਮਾਂ ’ਚ ਲੋਕ ਇਸ ਤਰ੍ਹਾਂ ਸ਼ਿਰਕਤ ਕਰ ਰਹੇ ਹਨ, ਜਿਸ ਤਰ੍ਹਾਂ ਵਿਆਹ ਸਮਾਗਮਾਂ ’ਚ ਕਰਦੇ ਹਨ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ’ਚ ਇਸ ਤਰ੍ਹਾਂ ਜਾ ਰਹੇ ਹਨ, ਜਿਵੇਂ ਭੋਗ ’ਤੇ ਜਾ ਰਹੇ ਹੋਣ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਸਰਕਾਰ ਤੋਂ ਅੱਕ ਚੁੱਕੇ ਹਨ। ਚੰਨੀ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਲੋਕਾਂ ਨੂੰ ਇਨਸਾਫ਼ ਮਿਲਦਾ ਸੀ, ਪਰ ਅੱਜ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਵਪਾਰੀਆਂ ਨੂੰ ਗੈਂਗਸਟਰਾਂ ਵੱਲੋਂ ਫ਼ਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹਰ ਵਪਾਰੀ ਤੋਂ ਪੈਸੇ ਬਟੋਰੇ ਜਾ ਰਹੇ ਹਨ ਅਤੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਸੂਬੇ ’ਚ ਨਸ਼ਿਆਂ ਦੀ ਭਰਮਾਰ ਹੈ ਤੇ ਹਰ ਗਲੀ-ਮੁਹੱਲੇ ’ਚ ਨਸ਼ਾ ਵਿਕ ਰਿਹਾ ਹੈ ਪਰ ਸਰਕਾਰ ਇਸ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ। ਇਸ ਕਾਰਨ ਲੋਕ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ। ਅਖ਼ੀਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਰਨਾਲਾ ਹਲਕੇ ’ਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਮੁਕਾਬਲਾ ਹੈ, ਜਦਕਿ ਕਾਲਾ ਢਿੱਲੋਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਉਹ ਵੱਡੀ ਲੀਡ ਨਾਲ ਇਹ ਚੋਣ ਜਿੱਤਣਗੇ। ਇਸ ਮੌਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਲਕੇ ਦਾ ਵੱਧ-ਚੜ੍ਹ ਕੇ ਵਿਕਾਸ ਕਰਵਾਉਣਗੇ। ਇਸ ਮੌਕੇ ਕਾਂਗਰਸ ਦੇ ਕਈ ਆਗੂ ਵੀ ਮੌਜੂਦ ਸਨ।