ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਇਥੋਂ ਦੀ ਨਗਰ ਨਿਗਮ ’ਚ ‘ਆਪ’ ਦਾ ਮੇਅਰ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਨਾਲ ਮੋਗਾ ਪੰਜਾਬ ਦਾ ਪਹਿਲਾ ਨਗਰ ਨਿਗਮ ਬਣੇਗਾ ਜਿਥੇ ‘ਆਪ’ ਦਾ ਮੇਅਰ ਹੋਵੇਗਾ। ਇਥੋਂ ਦੇ ਕੌਂਸਲਰਾਂ ਵੱਲੋਂ ਕਾਂਗਰਸੀ ਮੇਅਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ ਤੇ ਮੇਅਰ ਨੀਤਿਕਾ ਭੱਲਾ ਅੱਜ ਬਹੁਮਤ ਸਾਬਤ ਨਹੀਂ ਕਰ ਸਕੀ। ਹੁਣ ਹਾਕਮ ਧਿਰ ਵੱਲੋਂ ਤੱਕੜੀ ਵਿਚੋਂ ‘ਆਪ’ ਵਿਚ ਸ਼ਾਮਲ ਹੋਏ ਕੌਂਸਲਰ ਨੂੰ ਮੇਅਰ ਬਣਾਉਣ ਦੇ ਚਰਚੇ ਹਨ। ਇਥੋਂ ਦੇ 48 ਕੌਂਸਲਰਾਂ ਵਿਚੋਂ 41 ਨੇ ‘ਆਪ’ ਦੇ ਹੱਕ ਵਿਚ ਫਤਵਾ ਦਿੱਤਾ ਜਦਕਿ ਕਾਂਗਰਸੀ ਮੇਅਰ ਸਿਰਫ਼ ਛੇ ਕੌਂਸਲਰਾਂ ਦਾ ਸਮਰਥਨ ਹੀ ਜੁਟਾ ਸਕੀ।
ਇਥੇ ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਤੇ ਵਿੱਤ ਕਮੇਟੀ ਖ਼ਿਲਾਫ਼ ਲਿਆਂਦਾ ਬੇਭਰੋਸਗੀ ਮਤਾ ਕੋਰਮ ਪੂਰਾ ਹੋਣ ਨਾ ਕਾਰਨ ਰੱਦ ਹੋ ਗਿਆ। ਜਾਣਕਾਰੀ ਅਨੁਸਾਰ ਕੌਂਸਲਰਾਂ ਨੇ 7 ਜੂਨ ਨੂੰ ਕਾਂਗਰਸ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਤੇ ਅੱਜ ਬਹਿਸ ਦੌਰਾਨ ਨੀਤਿਕਾ ਭੱਲਾ ਨੂੰ ਸਿਰਫ਼ 6 ਕੌਂਸਲਰਾਂ ਦਾ ਸਮਰਥਨ ਹੀ ਮਿਲ ਸਕਿਆ। ਇਥੇ ਕੁੱਲ 50 ਕੌਂਸਲਰ ਹਨ ਜਿਨ੍ਹਾਂ ਵਿਚੋਂ ਇੱਕ ਵਿਦੇਸ਼ ਵਿਚ ਹੈ ਅਤੇ ਦੂਜਾ ਕੌਂਸਲਰ ਗੈਰਹਾਜ਼ਰ ਹੋਣ ਕਾਰਨ ਮੀਟਿੰਗ ਵਿਚ ਹਿੱਸਾ ਨਾ ਲੈ ਸਕਿਆ। ਜਾਣਕਾਰੀ ਮੁਤਾਬਕ ਹਾਕਮ ਧਿਰ ਨਗਰ ਨਿਗਮ ਵਿਚ ਮੇਅਰ ਦੀ ਕੁਰਸੀ ਉੱਤੇ ਕਾਬਜ਼ ਹੋਣ ਲਈ ਕੌਂਸਲਰਾਂ ਨੂੰ ਤਿੰਨ ਦਿਨ ਪਹਿਲਾਂ ਹੀ ਵਿਸ਼ੇਸ਼ ਬੱਸ ਰਾਹੀਂ ਹਿਮਾਚਲ ਪ੍ਰਦੇਸ਼ ਲੈ ਗਈ ਸੀ। ਇਹ ਵਿਸ਼ੇਸ਼ ਬੱਸ ਅੱਜ ਸਿੱਧੀ ਨਗਰ ਨਿਗਮ ਦਫ਼ਤਰ ਪੁੱਜੀ। ਇਥੇ ਝਾੜੂ ਨੇ ਅਕਾਲੀ, ਕਾਂਗਰਸੀ, ‘ਆਪ’ ਤੇ ਆਜ਼ਾਦ ਕੌਂਸਲਰ ਇਕੱਠੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਅਪਰੈਲ 2021 ਵਿਚ ਹੋਈਆਂ ਨਿਗਮ ਚੋਣਾਂ ਵਿਚ ਹਾਕਮ ਧਿਰ ਖੇਤਰੀ ਦਲਾਂ ਕੋਲੋਂ ਹਾਰ ਗਈ ਸੀ। ਉਸ ਵੇਲੇ 50 ਵਿਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ‘ਆਪ’ ਦੇ 4, ਭਾਜਪਾ ਦਾ ਇਕ ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਸਨ।
ਦੂਜੀ ਪਾਰਟੀ ਵਿੱਚੋਂ ਆਏ ਕੌਂਸਲਰ ਨੂੰ ਮੇਅਰ ਬਣਾਉਣ ’ਤੇ ਇਤਰਾਜ਼
ਇੱਕ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ‘ਆਪ’ ਟਿਕਟ ਉੱਤੇ ਜਿੱਤੇ ਕੌਂਸਲਰਾਂ ਵਿਚੋਂ ਹੀ ਮੇਅਰ ਬਣਨਾ ਚਾਹੀਦਾ ਹੈ। ਅਕਾਲੀ ਪਿਛੋਕੜ ਵਾਲੇ ਕੌਂਸਲਰ ਨੂੰ ਮੇਅਰ ਬਣਾਉਣ ਉੱਤੇ ਬਹੁਤੇ ਕੌਂਸਲਰਾਂ ਵਿਚ ਰੋਸ ਤੇ ਇਤਰਾਜ਼ ਹੈ ਜੋ ਭਵਿੱਖ ਵਿਚ ਪਾਰਟੀ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਸ ਕੌਂਸਲਰ ਨੇ ਮੇਅਰ ਦੀ ਕੁਰਸੀ ਦੇ ਲਾਲਚ ਵਿਚ ਪਾਰਟੀ ਦਾ ਪੱਲਾ ਫੜਿਆਹੈ। ਇਹ ਕੌਂਸਲਰ ਅਮੀਰ ਹੈ ਜਿਸ ਕਰਕੇ ਪਾਰਟੀ ਆਗੂ ਵੀ ਉਸ ਨੂੰ ਤਰਜੀਹ ਦੇ ਰਹੇ ਹਨ ਤੇ ਪਾਰਟੀ ਚੋਣ ਨਿਸ਼ਾਨ ’ਤੇ ਜਿੱਤੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਕਾਂਗਰਸ ਖ਼ਿਲਾਫ਼ ਭੁਗਤਣ ਵਾਲੇ ਪੰਜ ਕੌਂਸਲਰ ਪਾਰਟੀ ’ਚੋਂ ਕੱਢੇ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਇਥੇ ਨਗਰ ਨਿਗਮ ’ਚ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਭੁਗਤਣ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜ ਕੌਂਸਲਰਾਂ ਨੂੰ ਪਾਰਟੀ ਵਿਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਇਨ੍ਹਾਂ ਕੌਂਸਲਰਾਂ ਵਿਚ ਵਾਰਡ ਨੰਬਰ-11 ਤੋਂ ਰੀਟਾ ਚੋਪੜਾ, ਵਾਰਡ ਨੰਬਰ-14 ਤੋਂ ਅਮਰਜੀਤ ਅੰਬੀ, ਵਾਰਡ ਨੰਬਰ-24 ਤੋਂ ਤਰਸੇਮ ਭੱਟੀ, ਵਾਰਡ ਨੰਬਰ-29 ਤੋਂ ਰਾਮ ਕੌਰ ਅਤੇ ਵਾਰਡ ਨੰਬਰ-16 ਤੋਂ ਵਿਜੈ ਭੂਸ਼ਨ ਟੀਟੂ ਸ਼ਾਮਲ ਹਨ। ਇਹ ਕਾਰਵਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਮੋਗਾ ਸ਼ਹਿਰੀ ਹਲਕੇ ਦੀ ਇੰਚਾਰਜ ਮਾਲਵਿਕਾ ਸੂਦ ਦੀ ਸਿਫ਼ਾਰਸ਼ ਉੱਤੇ ਕੀਤੀ ਗਈ ਹੈ।