ਰਵੇਲ ਸਿੰਘ ਭਿੰਡਰ
ਪਟਿਆਲਾ, 22 ਜੁਲਾਈ
ਪਾਵਰਕੌਮ ਵੱਲੋਂ ਵੱਖ-ਵੱਖ ਪ੍ਰਦਰਸ਼ਨਾਂ ’ਚ ਕੁੱਦੇ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਦੇ ਸਮੇਂ ਨੂੰ ਹੁਣ ਬਣਦੀ ਛੁੱਟੀ ’ਚ ਤਬਦੀਲ ਕਰਕੇ ਤਨਖ਼ਾਹਾਂ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ 8 ਜਨਵਰੀ ਨੂੰ ਦੇਸ਼ਿਵਆਪੀ ਹੜਤਾਲ ਅਤੇ ਪ੍ਰਦਰਸ਼ਨ ਕੀਤੇ ਸਨ ਅਤੇੇ ਇਸ ਤੋਂ ਪਹਿਲਾਂ ਜਨਵਰੀ ਦੇ ਪ੍ਰਦਰਸ਼ਨ ਦੌਰਾਨ ਮੈਨੇਜਮੈਂਟ ਨੇ ਤਨਖਾਹਾਂ ਕੱਟ ਲਈਆਂ ਸਨ। ਹੁਣ ਮੈਨੇਜਮੈਂਟ ਨੇ 20 ਜੁਲਾਈ ਨੂੰ ਬਿਜਲੀ ਮੁਲਾਜ਼ਮ ਜਥੇਬੰਦੀਆਂ ਨਾਲ ਹੋਏ ਫ਼ੈਸਲੇ ਮੁਤਾਬਕ ਮੁਲਾਜ਼ਮਾਂ ਦੀਆਂ ਕੱਟੀਆਂ ਤਨਖਾਹਾਂ ਬਣਦੀ ਛੁੱਟੀ ’ਚ ਤਬਦੀਲ ਕਰਕੇ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਹੋਏ ਸਮਝੌਤੇ ਮੁਤਾਬਕ 2770/2880 ਮਿਤੀ 21 ਜੁਲਾਈ ਨੂੰ ਉਪ ਸਕੱਤਰ ਆਈ.ਆਰ ਨੇ ਪੱਤਰ ਜਾਰੀ ਕਰ ਦਿੱਤਾ ਹੈ। ਇਹ ਪੱਤਰ ਜਾਰੀ ਹੋਣ ਨਾਲ ਹਜ਼ਾਰਾਂ ਮੁਲਾਜ਼ਮਾਂ ਨੂੰ 4 ਦਿਨ ਦੀ ਕੱਟੀ ਹੋਈ ਤਨਖ਼ਾਹ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਊਕਤ ਸਮੇਂ ਦੀ ਗ਼ੈਰਹਾਜ਼ਰੀ ਨੂੰ ਵੀ ਰੈਗੂਲਰ ਕਰ ਦਿੱਤਾ ਜਾਵੇਗਾ।
ਇਸ ਫ਼ੈਸਲੇ ਨਾਲ 6 ਮਹੀਨੇ ਤੋਂ ਸੇਵਾਮੁਕਤ ਕਰਮਚਾਰੀਆਂ ਨੂੰ ਰਹਿੰਦੇ ਬਕਾਏ ਮਿਲ ਜਾਣਗੇ ਅਤੇ ਲਟਕਵੀਂ ਅਵਸਥਾ ਵਾਲੇ ਮੁਲਾਜ਼ਮਾਂ ਦੀਆਂ ਤਰੱਕੀਆਂ ਹੋ ਜਾਣਗੀਆਂ। ਜਥੇਬੰਦੀ ਨੇ ਕਿਹਾ ਇਸ ਫ਼ੈਸਲੇ ਨਾਲ ਅਦਾਰੇ ’ਚ ਆਪਸੀ ਸਦਭਾਵਨਾ ਦਾ ਮਾਹੌਲ ਬਣੇਗਾ।