ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੁਲਾਈ
ਇੱਥੇ ਅੱਜ ਸਵੇਰੇ ਦੇਵੀਗੜ੍ਹ ਰੋਡ ’ਤੇ ਸਨੀ ਐਨਕਲੇਵ ਨੇੜੇ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ ਤੇ 24 ਸਵਾਰੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੱਪੂ ਵਾਸੀ ਪਿੰਡ ਮੀਰਾਂਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ। ਪਟਿਆਲਾ ਤੋਂ ਦੇਵੀਗੜ੍ਹ ਅਤੇ ਮਸੀਂਗਣ ਬਰਾਸਤਾ ਹਰਿਆਣਾ ਦੇ ਨਨਿਓਲਾ ਸ਼ਹਿਰ ਜਾਣ ਵਾਲੀ ਪੀਆਰਟੀਸੀ ਦੀ ਬੱਸ (ਨੰਬਰ ਪੀਬੀ 11 ਸੀਬੀ-9536) ਸਵੇਰੇ ਸਵਾ ਕੁ ਨੌਂ ਵਜੇ ਪਟਿਆਲਾ ਤੋਂ ਚੱਲੀ ਸੀ। ਸਵਾਰੀਆਂ ਦੇ ਦੱਸਣ ਮੁਤਾਬਕ ਦੇਵੀਗੜ੍ਹ ਰੋਡ ’ਤੇ ਸਥਿਤ ਸਨੀ ਐਨਕਲੇਵ ਦੇ ਕੋਲ ਬੱਸ ਦੇ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗਿਆ। ਇਸ ਦੌਰਾਨ ਅੱਗੋਂ ਆ ਰਹੀ ਇਕ ਬੱਸ ਨਾਲ ਉਨ੍ਹਾਂ ਦੀ ਬੱਸ ਦੀ ਸਿੱਧੀ ਟੱਕਰ ਹੋਣ ਵਾਲੀ ਸੀ, ਤਾਂ ਡਰਾਈਵਰ ਨੇ ਆਪਣੀ ਬੱਸ ਖਤਾਨਾਂ ਵਿੱਚ ਉਤਾਰ ਦਿੱਤੀ। ਇਸ ਦੌਰਾਨ ਡਰਾਈਵਰ ਬੱਸ ਵਿੱਚੋਂ ਡਿੱਗ ਗਿਆ। ਬੱਸ ਦੇ ਪਿਛਲੇ ਟਾਇਰ ਉਸ ਦੇ ਉਪਰੋਂ ਦੀ ਲੰਘ ਗਏ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਦੇ ਬੁਲਾਰੇ ਹਰੀ ਸਿੰਘ ਚਮਕ ਤੇ ਹੋਰਾਂ ਨੇ ਮੈਨੇਜਮੈਂਟ ਤੋਂ ਮ੍ਰਿਤਕ ਦੇ ਪਰਿਵਾਰ ਲਈ ਢੁਕਵੇਂ ਮੁਆਵਜ਼ੇ ਅਤੇ ਇਕ ਜੀਅ ਲਈ ਨੌਕਰੀ ਦੀ ਮੰਗ ਕੀਤੀ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਆਪ ਦੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸੰਧੂ ਨੇ ਵੀ ਡਰਾਈਵਰ ਦੀ ਮੌਤ ’ਤੇ ਦੁਖ ਪ੍ਰਗਟ ਕੀਤਾ ਹੈ।