ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕੌਮੀ ਜਾਂਚ ਏਜੰਸੀ ਐੱਨਆਈਏ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਡਰਾਉਣ, ਧਮਕਾਉਣ ਤੇ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਨਆਈਏ ਵੱਲੋਂ ਭੇਜੇ ਗਏ ਸੰਮਨਾਂ ’ਤੇ ਕੌਮੀ ਜਾਂਚ ਏਜੰਸੀ ਅੱਗੇ ਪੇਸ਼ ਹੋਏ ਕੇ ਆਏ ਸਿੱਖ ਆਗੂ ਰਣਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਅੱਜ ਤਕ ਕੋਈ ਗੈਰਕਾਨੂੰਨੀ ਤੇ ਗੈਰ- ਸੰਵਿਧਾਨਕ ਕਾਰਵਾਈ ਨਹੀਂ ਕੀਤੀ। ਸਿਰਫ ਕਿਸਾਨੀ ਸੰਘਰਸ਼ ਦੀ ਹਮਾਇਤ ਕਰਕੇ ਉਨ੍ਹਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ।