ਇਕਬਾਲ ਸਿੰਘ ਸ਼ਾਂਤ
ਲੰਬੀ, 13 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਖੁੱਡੀਆਂ ਗੁਲਾਬ ਸਿੰਘ ’ਚ 16 ਦਸੰਬਰ ਨੂੰ ਹੋਣ ਵਾਲੀ ਚੋਣ ਆਗਾਜ਼ ਰੈਲੀ ਦੀਆਂ ਤਿਆਰੀਆਂ ਲਈ ਗ਼ੈਰਕਾਨੂੰਨੀ ਢੰਗ ਨਾਲ ‘ਮਗਨਰੇਗਾ’ ਅਮਲੇ ਤੋਂ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਖੁੱਡੀਆਂ ਵਿੱਚ ਬੀਤੇ ਕੱਲ ਤੋਂ ਰੈਲੀ ਲਈ ਖੇਡ ਮੈਦਾਨ ਅਤੇ ਦਾਣਾ ਮੰਡੀ ਦੀ ਸਫ਼ਾਈ ਮਗਨਰੇਗਾ ਦੇ ਕਈ ਦਰਜਨ ਮਜ਼ਦੂਰਾਂ ਤੋਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਮਗਨਰੇਗਾ ਮਜ਼ਦੂਰ 16 ਦਸੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਥੇ ਹੋਣ ਵਾਲੀ ਚੋਣ ਰੈਲੀ ਲਈ ਸਫ਼ਾਈ ਕਰਨ ਦੀ ਗੱਲ ਆਖ ਰਿਹਾ ਹੈ। ਸਰਕਾਰੀ ਕਾਗਜ਼ਾਂ ’ਚ ਮਗਨਰੇਗਾ ਅਮਲੇ ਨੂੰ ਰੈਲੀ ਵਾਲੀ ਥਾਂ ਨੇੜੇ ਖੁੱਡੀਆਂ-ਨੈਸ਼ਨਲ ਹਾਈਵੇਅ-9 ਲਿੰਕ ਸੜਕ ਦੇ ਸਫ਼ਾਈ ਕਾਰਜ ’ਤੇ ਦਰਸਾਇਆ ਜਾ ਰਿਹਾ ਹੈ। ਇਸ ਰੈਲੀ ਦੇ ਪ੍ਰਬੰਧਕ ਲੰਬੀ ਹਲਕੇ ਤੋਂ ‘ਆਪ’ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਹਨ, ਜੋ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਸ਼੍ਰੋਮਣੀ ਯੂਥ ਅਕਾਲੀ ਦਲ ਸਰਕਲ ਆਧਨੀਆਂ ਦੇ ਪ੍ਰਧਾਨ ਜਗਮੀਤ ਸਿੰਘ ਚਹਿਲ ਨੇ ਇਸ ਮੌਕੇ ਕਿਹਾ ਕਿ ‘ਆਪ’ ਆਗੂਆਂ ਵੱਲੋਂ ਸਿਆਸੀ ਮਾਹੌਲ ਨੂੰ ਵੀਆਈਪੀ ਕਲਚਰ ਤੋਂ ਮੁਕਤ ਕਰਨ ਦੇ ਦਾਅਵੇ ਖੁੱਡੀਆਂ ਰੈਲੀ ਦੀਆਂ ਤਿਆਰੀਆਂ ’ਚ ਝੂਠੇ ਸਾਬਤ ਹੋ ਰਹੇ ਹਨ। ਮਗਨਰੇਗਾ ਤਹਿਤ ਸੜਕ ਸਫ਼ਾਈ ਦਾ ਮਤਾ ਪੁਆ ਕੇ ਅਰਵਿੰਦ ਕੇਜਰੀਵਾਲ ਦੀ ਰੈਲੀ ਲਈ ਸਫ਼ਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਸਬੰਧਤ ਮਗਨਰੇਗਾ ਅਮਲੇ ਅਤੇ ਬੀਡੀਪੀਓ ਦਫ਼ਤਰ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜਗਮੀਤ ਚਹਿਲ ਨੇ ਬੀਤੇ ਦਿਨੀ ਵੀ ਲੰਬੀ ’ਚ ‘ਆਪ’ ਦਫ਼ਤਰ ਦੇ ਉਦਘਾਟਨ ਮੌਕੇ ਮਗਨਰੇਗਾ ਕਾਮਿਆਂ ਤੋਂ ਕੰਮ ਲਏ ਜਾਣ ਦੇ ਦੋਸ਼ ਲਾਏ ਸਨ।
ਇਸ ਸਬੰਧੀ ਗੁਰਮੀਤ ਸਿੰਘ ਖੁੱਡੀਆਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ ਤੇ ਉਨ੍ਹਾਂ ਦੇ ਭਤੀਜੇ ਸੀਨੀਅਰ ਆਗੂ ਰਣਧੀਰ ਸਿੰਘ ਖੁੱਡੀਆਂ ਨੇ ਕਿਹਾ ਕਿ ਪਿੰਡ ਖੁੱਡੀਆਂ ’ਚ ਮਗਨਰੇਗਾ ਦਾ ਕਾਰਜ ਸਾਂਝੀਆਂ ਥਾਵਾਂ ’ਤੇ ਪਹਿਲਾਂ ਤੋਂ ਚੱਲ ਰਿਹਾ ਹੈ। ਮਗਨਰੇਗਾ ਲੰਬੀ ਦੇ ਏਪੀਓ ਸੁਖਦੇਵ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮਤਾ ਸੜਕ ਸਫ਼ਾਈ ਦਾ ਪਾਇਆ ਗਿਆ ਹੈ। ਡੀਸੀ ਐੱਚਐੱਸ ਸੂਦਨ ਨੇ ਕਿਹਾ ਕਿ ਮਗਨਰੇਗਾ ਅਮਲੇ ਨੂੰ ਸਿਆਸੀ ਕਾਰਜਾਂ ਲਈ ਵਰਤਿਆ ਨਹੀਂ ਜਾ ਸਕਦਾ। ਇਸ ਸਬੰਧੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਕੋਲ ਰੈਲੀ ਸਬੰਧੀ ਅਜੇ ਤੱਕ ਕੋਈ ਮਨਜ਼ੂਰੀ ਲੈਣ ਨਹੀਂ ਪੁੱਜਿਆ।